ਭਾਜਪਾ ਬੈਠਕ ''ਤੇ ਹਮਲੇ ਦੇ ''ਮੂਕ ਦਰਸ਼ਕ'' ਪੁਲਸ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾਵੇ : ਚੁਘ
Sunday, Jul 11, 2021 - 06:20 PM (IST)
 
            
            ਹਰਿਆਣਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਨੇ ਪਟਿਆਲਾ ਦੇ ਰਾਜਪੁਰਾ 'ਚ ਪਾਰਟੀ ਦੀ ਜ਼ਿਲ੍ਹਾ ਕਾਰਜ ਕਮੇਟੀ ਦੀ ਬੈਠਕ 'ਤੇ ਕਿਸਾਨਾਂ ਦੇ ਹਮਲੇ 'ਚ ਪੁਲਸ 'ਤੇ ਮੂਕ ਦਰਸ਼ਕ ਬਣੇ ਰਹਿਣ ਦਾ ਦੋਸ਼ ਲਗਾਇਆ ਹੈ ਅਤੇ ਸੀਨੀਅਰ ਪੁਲਸ ਸੁਪਰਡੈਂਟ ਤੇ ਪੁਲਸ ਡਿਪਟੀ ਸੁਪਰਡੈਂਟ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਐਤਵਾਰ ਨੂੰ ਇੱਥੇ ਜਾਰੀ ਬਿਆਨ 'ਚ ਸ਼੍ਰੀ ਚੁਘ ਨੇ ਦੋਸ਼ ਲਗਾਇਆ ਕਿ ਹਮਲਾ ਕਰਨ ਵਾਲੇ ਕਿਸਾਨ ਨਹੀਂ ਸਗੋਂ ਕਿਸਾਨਾਂ ਦੇ ਪਹਿਰਾਵੇ 'ਚ ਮਾਰਕਸਵਾਦੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੋਕ ਸਨ।
ਉਨ੍ਹਾਂ ਕਿਹਾ ਕਿ ਸੰਵਿਧਾਨ ਸ਼ਾਂਤੀਪੂਰਨ ਅੰਦੋਲਨ ਦੀ ਇਜਾਜ਼ਤ ਦਿੰਦਾ ਹੈ ਪਰ ਪੰਜਾਬ 'ਚ ਲੋਕਤੰਤਰ ਦਾ ਗਲਾ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਧਰਮ ਦੀ ਨਸੀਹਤ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਪੰਜਾਬ ਅਤੇ ਹਰਿਆਣਾ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਪਿਛਲੇ ਲਗਭਗ ਸਾਲ ਭਰ ਤੋਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            