ਪੁਲਸ ਨਾਲ ਬੈਠਕ ਤੋਂ ਬਾਅਦ ਕਿਸਾਨਾਂ ਦਾ ਬਿਆਨ- ਅਸੀਂ ਦਿੱਲੀ ਦੇ ਅੰਦਰ ਹੀ ਕੱਢਾਂਗੇ ਟਰੈਕਟਰ ਮਾਰਚ
Thursday, Jan 21, 2021 - 02:29 PM (IST)

ਨਵੀਂ ਦਿੱਲੀ- ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 57ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਆਊਟਰ ਰਿੰਗ ਰੋਡ 'ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ। ਉੱਥੇ ਹੀ ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ਕਿਸਾਨਾਂ ਤੋਂ ਰਾਜਧਾਨੀ ਦੇ ਬਾਹਰ ਹੀ ਪਰੇਡ ਦਾ ਆਯੋਜਨ ਕਰਨ ਲਈ ਕਹਿ ਰਹੇ ਹਨ। ਇਸ ਮੁੱਦੇ 'ਤੇ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਸ ਵਿਚਾਲੇ ਵੀਰਵਾਰ ਨੂੰ ਬੈਠਕ ਹੋਈ। ਬੈਠਕ 'ਚ ਕਿਸਾਨਾਂ ਨੇ ਸਾਫ਼ ਕੀਤਾ ਹੈ ਕਿ ਉਹ ਹਰ ਹਾਲ 'ਚ ਦਿੱਲੀ ਦੇ ਆਊਟਰ ਰਿੰਗ ਰੋਡ 'ਚ ਟਰੈਕਟਰ ਮਾਰਚ ਕੱਢਣਗੇ। ਉੱਥੇ ਹੀ ਜੁਆਇੰਟ ਸੀ.ਪੀ. (ਟਰੈਫਿਕ) ਮਨੀਸ਼ ਅਗਰਵਾਲ ਨੇ ਕਿਹਾ ਹੈ ਕਿ ਗਣਤੰਤਰ ਪਰੇਡ ਨੂੰ ਬਿਨਾਂ ਕਿਸੇ ਰੁਕਾਵਟ ਦੇ ਕਰਵਾਉਣਾ ਸਾਡਾ ਕਰਤੱਵ ਹੈ ਅਤੇ ਅਸੀਂ ਇਸ ਲਈ ਵਚਨਬੱਧ ਹਾਂ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਉਹ ਗਣਤੰਤਰ ਦਿਵਸ ਨੂੰ ਦੇਖਦੇ ਹੋਏ ਆਊਟਰ ਰਿੰਗ ਰੋਡ 'ਚ ਟਰੈਕਟਰ ਮਾਰਚ ਦੀ ਮਨਜ਼ੂਰੀ ਨਹੀਂ ਦੇ ਸਕਦੇ ਹਨ। ਦਿੱਲੀ ਪੁਸ ਨੇ ਸੁਝਾਅ ਦਿੱਤਾ ਹੈ ਕਿ ਕਿਸਾਨ ਕੇ.ਐੱਮ.ਪੀ. (ਕੁੰਡਲੀ-ਮਾਨੇਸਰ-ਪਲਵਲ) ਹਾਈਵੇਅ 'ਤੇ ਆਪਣਾ ਟਰੈਕਟਰ ਮਾਰਚ ਕੱਢਣਗੇ। ਗਣਤੰਤਰ ਦਿਵਸ ਨੂੰ ਦੇਖਦੇ ਹੋਏ ਟਰੈਕਟਰ ਮਾਰਚ ਨੂੰ ਸੁਰੱਖਿਆ ਦੇਣ 'ਚ ਕਠਿਨਾਈ ਹੋਵੇਗੀ।
ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਅੰਦਰ ਹੀ ਟਰੈਕਟਰ ਮਾਰਚ ਕੱਢਾਂਗੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨੇਤਾ ਦਰਸ਼ਨ ਪਾਲ ਨੇ ਵੀਰਵਾਰ ਨੂੰ ਕਿਹਾ ਕਿ ਆਊਟਰ ਰਿੰਗ ਰੋਡ 'ਤੇ ਸੁਰੱਖਿਆ ਕਾਰਨਾਂ ਕਰ ਕੇ ਟਰੈਕਟਰ ਪਰੇਡ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ, ਸਰਕਾਰ ਵੀ ਇਸ ਲਈ ਤਿਆਰ ਨਹੀਂ ਹੈ। ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਉੱਥੇ ਹੀ (ਰਿੰਗ ਰੋਡ) ਟਰੈਕਟਰ ਪਰੇਡ ਕਰਾਂਗੇ। ਪੁਲਸ ਨੇ ਕਿਹਾ ਕਿ ਠੀਕ ਹੈ ਅਸੀਂ ਦੇਖਦੇ ਹਾਂ। ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਟਰੈਕਟਰ ਮਾਰਚ ਬਾਰੇ ਸਾਡੀ ਦਿੱਲੀ, ਹਰਿਆਣਾ, ਯੂ.ਪੀ. ਪੁਲਸ ਅਤੇ ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨਾਲ ਗੱਲ ਚੱਲ ਰਹੀ ਹੈ। ਅੱਜ ਇਸ ਦਾ ਤੀਜਾ ਦੌਰ ਹੈ। 26 ਜਨਵਰੀ ਨੂੰ ਕਿਸਾਨ ਗਣਤੰਤਰ ਪਰੇਡ ਤੈਅ ਸਮੇਂ ਅਨੁਸਾਰ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਜਵਾਬ