ਪੁਲਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਊਠ ਨੇ ਛੱਡਿਆ ਖਾਣਾ-ਪੀਣਾ

Tuesday, Mar 05, 2019 - 12:05 PM (IST)

ਪੁਲਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਊਠ ਨੇ ਛੱਡਿਆ ਖਾਣਾ-ਪੀਣਾ

ਕੱਛ— ਸੱਚ ਹੀ ਕਿਹਾ ਹੈ ਕਿ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਪਿਆਰ ਦੋ ਇਨਸਾਨਾਂ ਦਰਮਿਆਨ ਹੀ ਹੋਵੇ। ਜਾਨਵਰਾਂ ਅਤੇ ਪਸ਼ੂਆਂ ਨਾਲ ਵੀ ਇਨਸਾਨਾਂ ਦਾ ਮੋਹ ਹੋ ਜਾਂਦਾ ਹੈ। ਗੁਜਰਾਤ ਦੇ ਕੱਛ 'ਚ ਇਨਸਾਨ ਅਤੇ ਪਸ਼ੂ ਵਿਚਾਲੇ ਪਿਆਰ ਦੀ ਇਕ ਅਨੋਖੀ ਮਿਸਾਲ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ਝਕਊ ਪੁਲਸ ਸਟੇਸ਼ਨ 'ਚ ਤਾਇਨਾਤ ਸਬ–ਇੰਸਪੈਕਟਰ ਸ਼ਿਵਰਾਜ ਗੋਧਵੀ ਪਿੰਗਲੇਸ਼ਵਰ 'ਚ ਗਸ਼ਤ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਪੁਲਸ ਸਟੇਸ਼ਨ 'ਚ ਤਾਇਨਾਤ ਊਠ ਨੇ ਖਾਣਾ-ਪੀਣਾ ਛੱਡ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਸ਼ਿਵਰਾਜ ਹੀ ਇਸ ਊਠ ਦੀ ਦੇਖਭਾਲ ਕਰਦੇ ਸਨ ਅਤੇ ਖਾਣਾ ਦਿੰਦੇ ਸਨ। ਸ਼ਿਵਰਾਜ ਦੀ ਮੌਤ ਤੋਂ ਬਾਅਦ ਹੁਣ ਇਹ ਊਠ ਕਿਸੇ ਹੋਰ ਦੇ ਹੱਥੋਂ ਕੁਝ ਵੀ ਨਹੀਂ ਖਾ ਰਿਹਾ। ਝਕਊ ਥਾਣੇ ਦੇ ਇੰਸਪੈਕਟਰ ਵੀ. ਕੇ. ਕਾਂਤ ਨੇ ਦੱਸਿਆ ਕਿ ਸ਼ਿਵਰਾਜ ਸਿੰਗੋਦੀ ਪਿੰਡ ਦੇ ਰਹਿਣ ਵਾਲੇ ਸਨ। ਉਹ ਲੰਮੇ ਸਮੇਂ ਤੋਂ ਝਕਊ ਥਾਣੇ 'ਚ ਤਾਇਨਾਤ ਸਨ। ਉਹ ਆਪਣੇ ਊਠ 'ਤੇ ਸਵਾਰ ਹੋ ਕੇ ਰੋਜ਼ਾਨਾ ਗਸ਼ਤ ਕਰਨ ਜਾਂਦੇ ਸਨ। ਬੀਤੇ ਦਿਨੀਂ ਵੀ ਉਹ ਸਵੇਰੇ ਗਸ਼ਤ ਲਈ ਨਿਕਲੇ ਸਨ ਅਤੇ ਅਚਾਨਕ ਰਸਤੇ ਵਿਚ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਊਠ ਨੂੰ ਬਹੁਤ ਹੀ ਸਦਮਾ ਲੱਗਾ ਅਤੇ ਉਹ ਖਾਣਾ-ਪੀਣਾ ਛੱਡ ਗਿਆ। ਇੰਸਪੈਕਟਰ ਨੇ ਦੱਸਿਆ ਕਿ ਊਠ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ, ਉਹ ਗੁਮਸੁੰਮ ਬੈਠਾ ਰਹਿੰਦਾ ਹੈ।ਮਾਹਰਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਕਿ ਉਸ ਦੀ ਹਾਲਤ ਵਿਚ ਸੁਧਾਰ ਲਿਆਂਦਾ ਜਾ ਸਕੇ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਉਹ ਖਾਣਾ ਖਾਵੇ।


author

Tanu

Content Editor

Related News