ਮਕਬਰੇ 'ਚ ਧੱਕੇ ਨਾਲ ਵੜ ਗਏ ਸੈਂਕੜੇ ਲੋਕ, ਭੰਨ੍ਹ'ਤੇ ਬੈਰੀਕੇਡ, ਮੰਦਰ ਦੱਸ ਕੀਤੀ ਪੂਜਾ
Tuesday, Aug 12, 2025 - 01:02 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਅਬੂ ਨਗਰ ਇਲਾਕੇ ’ਚ ਸੋਮਵਾਰ ਇਕ ਧਾਰਮਿਕ ਥਾਂ ਦੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇੱਥੇ ਸਥਿਤ ਇਕ ਮਕਬਰੇ ਨੂੰ ਪੁਰਾਤਨ ਸ਼ਿਵ ਮੰਦਰ ਦੱਸਦੇ ਹੋਏ ਬਜਰੰਗ ਦਲ ਤੇ ਹਿੰਦੂ ਮਹਾਸਭਾ ਸਮੇਤ ਕਈ ਸੰਗਠਨਾਂ ਦੇ ਲਗਭਗ 2,000 ਵਰਕਰ ਸਵੇਰੇ 10 ਵਜੇ ਈਦਗਾਹ ’ਚ ਬਣੇ ਢਾਂਚੇ ’ਤੇ ਪਹੁੰਚ ਗਏ। ਡੰਡਿਆਂ ਨਾਲ ਲੈਸ ਉਨ੍ਹਾਂ ਪੁਲਸ ਵੱਲੋਂ ਲਾਏ ਗਏ ਬੈਰੀਕੇਡ ਤੋੜ ਦਿੱਤੇ, ਭੰਨਤੋੜ ਕੀਤੀ ਅਤੇ ਮਕਬਰੇ ਦੀ ਛੱਤ ’ਤੇ ਭਗਵਾ ਝੰਡਾ ਲਹਿਰਾ ਦਿੱਤਾ। ਹਿੰਦੂ ਮਹਾਸਭਾ ਦੇ ਨੇਤਾ ਮਨੋਜ ਤ੍ਰਿਵੇਦੀ ਦੀ ਅਗਵਾਈ ਹੇਠ ਪੂਜਾ ਵੀ ਕੀਤੀ ਗਈ।
ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁਸਲਿਮ ਪੱਖ ਦੇ ਲਗਭਗ 1500 ਵਿਅਕਤੀ ਮੌਕੇ ’ਤੇ ਪਹੁੰਚ ਗਏ। ਦੋਵਾਂ ਪਾਸਿਆਂ ਤੋਂ ਪੱਥਰਾਅ ਸ਼ੁਰੂ ਹੋ ਗਿਆ, ਜਿਸ ਮਗਰੋਂ ਪੁਲਸ ਨੇ ਲਾਠੀਚਾਰਜ ਕਰ ਕੇ ਭੀੜ ਨੂੰ ਖਿੰਡਾਇਆ। ਤਣਾਅ ਵਧਣ ’ਤੇ ਪ੍ਰਸ਼ਾਸਨ ਨੇ 10 ਪੁਲਸ ਥਾਣਿਆਂ, ਪੀ.ਏ.ਸੀ. ਤੇ ਡਰੋਨ ਨਿਗਰਾਨ ਫੋਰਸਾਂ ਨੂੰ ਤਾਇਨਾਤ ਕੀਤਾ। ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਏ.ਡੀ.ਜੀ. ਜ਼ੋਨ ਪ੍ਰਯਾਗਰਾਜ ਸੰਜੀਵ ਗੁਪਤਾ, ਡਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ, ਆਈ.ਜੀ. ਅਜੇ ਮਿਸ਼ਰਾ, ਜ਼ਿਲ੍ਹਾ ਮੈਜਿਸਟ੍ਰੇਟ ਰਵਿੰਦਰ ਕੁਮਾਰ ਤੇ ਐੱਸ.ਪੀ. ਅਨੂਪ ਕੁਮਾਰ ਸਿੰਘ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬੰਦ ਰਹਿਣਗੇ ਇਹ ਰੋਡ, ਜਾਰੀ ਹੋਇਆ ਰੂਟ ਪਲਾਨ, ਖੱਜਲ-ਖ਼ੁਆਰੀ ਤੋਂ ਬਚਣ ਲਈ ਪੜ੍ਹੋ ਇਹ ਖ਼ਬਰ
ਸਾਰਾ ਦਿਨ ਡਰੋਨ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਰਹੀ। 6 ਜ਼ਿਲ੍ਹਿਆਂ ਚਿੱਤਰਕੂਟ, ਬਾਂਦਾ, ਹਮੀਰਪੁਰ, ਕੌਸ਼ੰਬੀ, ਪ੍ਰਤਾਪਗੜ੍ਹ ਤੇ ਕਾਨਪੁਰ ਦੇਹਾਤ ਤੋਂ ਵਾਧੂ ਫੋਰਸਾਂ ਬੁਲਾਈਆਂ ਗਈਆਂ। ਸਥਾਨਕ ਧਾਰਮਿਕ ਆਗੂਆਂ ਤੇ ਭਾਈਚਾਰਕ ਗਰੁੱਪਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ‘ਮਠ-ਮੰਦਰ ਸੰਰਕਸ਼ਣ ਸੰਘਰਸ਼ ਸਮਿਤੀ’ ਨੇ ਜ਼ਿਲ੍ਹਾ ਮੈਜਿਸਟ੍ਰੇਟ ਰਵਿੰਦਰ ਸਿੰਘ ਨੂੰ ਇਕ ਮੰਗ ਪੱਤਰ ਸੌਂਪਿਆ ਤੇ ਮਾਮਲੇ ’ਚ ਦਖਲ ਦੇਣ ਦੀ ਬੇਨਤੀ ਕੀਤੀ।
ਕਮੇਟੀ ਨੇ ਮੰਗ ਪੱਤਰ ’ਚ ਦੋਸ਼ ਲਾਇਆ ਕਿ ਮੰਦਰ ਬਹੁਤ ਹੀ ਖਸਤਾ' ਹਾਲਤ ’ਚ ਹੈ, ਜੋ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਸੱਭਿਆਚਾਰਕ ਵਿਰਾਸਤ ਦੋਵਾਂ ਲਈ ਖ਼ਤਰਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਉਲੇਮਾ ਕੌਂਸਲ ਨੇ ਵੀ ਜ਼ਿਲਾ ਮੈਜਿਸਟ੍ਰੇਟ ਨੂੰ ਇਕ ਚਿੱਠੀ ਭੇਜੀ ਤੇ ਪ੍ਰਸ਼ਾਸਨ ਨੂੰ ਮਕਬਰੇ ਦੇ ਇਤਿਹਾਸਕ ਰੂਪ ਨਾਲ ਛੇੜਛਾੜ ਨਾ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਮਕਬਰੇ ਦੀ ਦੇਖਭਾਲ ਕਰਨ ਵਾਲੇ ਮੁਹੰਮਦ ਨਫੀਸ ਨੇ ਕਿਹਾ ਕਿ ਇਹ ਇਮਾਰਤ ਲਗਭਗ 500 ਸਾਲ ਪੁਰਾਣੀ ਹੈ। ਇਸ ਨੂੰ ਬਾਦਸ਼ਾਹ ਅਕਬਰ ਦੇ ਪੋਤੇ ਨੇ ਬਣਾਇਆ ਸੀ। ਇਸ ਸਦੀਆਂ ਪੁਰਾਣੀ ਥਾਂ ’ਤੇ ਅਬੂ ਮੁਹੰਮਦ ਤੇ ਅਬੂ ਸਮਦ ਦੀਆਂ ਕਬਰਾਂ ਹਨ।
ਸੜਕ ’ਤੇ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ
ਹੰਗਾਮੇ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਡਾਕ ਬੰਗਲਾ ਚੌਕ ’ਚ ਧਰਨਾ ਦਿੱਤਾ ਤੇ ਸੜਕ ’ਤੇ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਕਾਜ਼ੀ ਸੈਦੁਲ ਇਸਲਾਮ ਅਬਦੁੱਲਾ ਨੇ ਮੁਸਲਿਮ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਪ੍ਰਸ਼ਾਸਨ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੇਗਾ ਤੇ ਕਿਸੇ ਨੂੰ ਭੜਕਾਹਟ ’ਚ ਨਹੀਂ ਆਉਣਾ ਚਾਹੀਦਾ।
ਇਹ ਵੀ ਪੜ੍ਹੋ- 'ਆਪਰੇਸ਼ਨ ਸਿੰਦੂਰ' ਦਾ ਬਦਲਾ ਲੈਣ 'ਤੇ ਉਤਾਰੂ ਹੋਇਆ ਪਾਕਿਸਤਾਨ ! ਭਾਰਤੀ ਡਿਪਲੋਮੈਟਾਂ ਦਾ ਰੋਕਿਆ ਤੇਲ-ਪਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e