ਜਗਨਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ, ਮੰਗੇਤਰ ਨੂੰ ਫਸਾਉਣ ਲਈ ਰਚੀ ਸੀ ਸਾਜ਼ਿਸ਼
Friday, Jan 23, 2026 - 04:50 PM (IST)
ਪੁਰੀ- ਓਡੀਸ਼ਾ ਦੀ ਪੁਰੀ ਜ਼ਿਲ੍ਹਾ ਪੁਲਸ ਨੇ ਸ਼੍ਰੀ ਜਗਨਨਾਥ ਮੰਦਰ, ਮੰਦਰ ਦੇ ਨੇੜੇ ਸਥਿਤ ਗ੍ਰੈਂਡ ਸੈਂਟਰ ਮਾਰਕੀਟ ਅਤੇ ਰਾਜ ਸਭਾ ਮੈਂਬਰ ਸੁਭਾਸ਼ੀਸ਼ ਖੁੰਟੀਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਮੁੱਖ ਮੁਲਜ਼ਮ ਪ੍ਰਤੀਕ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਪ੍ਰਤੀਕ ਸਿੰਘ ਨੇ ਦੱਸਿਆ ਕਿ ਬਸੇਲੀਸਾਹੀ ਦੇ ਰਹਿਣ ਵਾਲੇ ਪ੍ਰਤੀਕ ਨੇ ਇਹ ਧਮਕੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਅਪਲੋਡ ਕੀਤੀ ਸੀ। ਪੁਲਸ ਨੇ ਤਕਨੀਕੀ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਹੈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਤੀਕ ਮਿਸ਼ਰਾ ਨੇ ਆਪਣੀ ਮੰਗੇਤਰ ਜੂਲੀਰਾਨੀ ਪਾਂਡਾ ਦੇ ਫੇਸਬੁੱਕ ਅਕਾਊਂਟ ਦੀ ਦੁਰਵਰਤੋਂ ਕਰਕੇ ਇਹ ਇਤਰਾਜ਼ਯੋਗ ਪੋਸਟ ਪਾਈ ਸੀ। ਅਸਲ 'ਚ ਜੂਲੀਰਾਨੀ ਨੇ ਪ੍ਰਤੀਕ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ, ਜਿਸ ਕਾਰਨ ਨਾਰਾਜ਼ ਹੋ ਕੇ ਉਸ ਨੂੰ ਅਪਮਾਨਤ ਕਰਨ ਅਤੇ ਝੂਠੇ ਕੇਸ 'ਚ ਫਸਾਉਣ ਲਈ ਮੁਲਜ਼ਮ ਨੇ ਇਸ ਖ਼ਤਰਨਾਕ ਸਾਜ਼ਿਸ਼ ਨੂੰ ਅੰਜਾਮ ਦਿੱਤਾ।
ਪੁਲਸ ਮੁਤਾਬਕ ਪ੍ਰਤੀਕ ਮਿਸ਼ਰਾ ਇਕ ਪੇਸ਼ੇਵਰ ਅਪਰਾਧੀ ਹੈ ਅਤੇ ਉਸ ਦੇ ਖਿਲਾਫ ਕੇਂਦਰਪਾੜਾ ਅਤੇ ਪੁਰੀ ਜ਼ਿਲਿਆਂ ਦੇ ਵੱਖ-ਵੱਖ ਥਾਣਿਆਂ 'ਚ ਘੱਟੋ-ਘੱਟ 10 ਅਪਰਾਧਿਕ ਮਾਮਲੇ ਦਰਜ ਹਨ। ਸ਼ੁਰੂਆਤੀ ਤੌਰ 'ਤੇ ਇਹ ਸੰਦੇਸ਼ ਜੂਲੀਰਾਨੀ ਦੇ ਅਕਾਊਂਟ ਤੋਂ ਪੋਸਟ ਹੋਣ ਕਾਰਨ ਸਿੰਘਦੁਆਰ ਪੁਲਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਸੀ, ਜਿਸ ਤੋਂ ਬਾਅਦ ਪ੍ਰਤੀਕ ਦੀ ਭੂਮਿਕਾ ਦਾ ਪਤਾ ਲੱਗਿਆ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਏਮਾਰ ਮੱਠ ਦੀ ਕੰਧ 'ਤੇ ਧਮਕੀ ਭਰਿਆ ਸੰਦੇਸ਼ ਲਿਖਿਆ ਗਿਆ ਸੀ, ਜਿਸ ਕਾਰਨ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਸਨ। ਫਿਲਹਾਲ ਪੁਲਸ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
