ਪੁਲਸ ਦੇ ਹੈੱਡ ਕਾਂਸਟੇਬਲ ਦੀ ਅਨੋਖੀ ਰਿਟਾਇਰਮੈਂਟ, ਵੇਖਣ ਵਾਲਿਆਂ ਦੀ ਲੱਗੀ ਭੀੜ
Thursday, Jan 02, 2025 - 03:16 PM (IST)
ਰੇਵਾੜੀ- ਅੱਜ ਦੇ ਅਜੋਕੇ ਯੁੱਗ ਵਿਚ ਤੁਸੀਂ ਲਾੜੇ ਨੂੰ ਹੈਲੀਕਾਪਟਰ 'ਚ ਬਰਾਤ ਲਿਆਉਣ ਅਤੇ ਲਾੜੀ ਨੂੰ ਲੈ ਕੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਵੇਖੀਆਂ ਹੋਣਗੀਆਂ। ਪਰ ਪੁਲਸ ਦਾ ਜਵਾਨ ਰਿਟਾਇਰਮੈਂਟ ਮਗਰੋਂ ਹੈਲੀਕਾਪਟਰ 'ਤੇ ਆਪਣੇ ਪਿੰਡ ਪਹੁੰਚਿਆ। ਇਹ ਮਾਮਲਾ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦਾ ਹੈ। ਦਰਅਸਲ ਨਵੇਂ ਸਾਲ ਮੌਕੇ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਵਿਜੇ ਚੌਹਾਨ ਹੈਲੀਕਾਪਟਰ ਤੋਂ ਆਪਣੇ ਪਿੰਡ ਪਹੁੰਚੇ। ਉਨ੍ਹਾਂ ਨੂੰ ਵੇਖਣ ਲਈ ਸੈਂਕੜਿਆਂ ਦੀ ਭੀੜ ਇਕੱਠੀ ਹੋ ਗਈ। ਬਾਵਲ ਦੇ ਪਿੰਡ ਜਲਾਲਪੁਰ ਦੇ ਵਿਜੇ ਸਿੰਘ ਚੌਹਾਨ ਪੁਲਸ ਵਿਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਫਰੀਦਾਬਾਦ ਵਿਚ ਨਿਯੁਕਤ ਸਨ। ਨਵੇਂ ਸਾਲ ਮੌਕੇ ਉਨ੍ਹਾਂ ਦੀ ਰਿਟਾਇਰਟਮੈਂਟ ਹੋਈ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਉਨ੍ਹਾਂ ਨੇ ਹੈਲੀਕਾਪਟਰ ਬੁੱਕ ਕਰਵਾਇਆ। ਵਿਦਾਈ ਮਗਰੋਂ ਉਹ ਹੈਲੀਕਾਪਟਰ ਵਿਚ ਸਵਾਰ ਹੋ ਕੇ ਪਿੰਡ ਪਹੁੰਚੇ।
ਸਰਕਾਰੀ ਸਕੂਲ ਦੇ ਮੈਦਾਨ 'ਚ ਉਤਰਿਆ ਹੈਲੀਕਾਪਟਰ
ਹੈਲੀਕਾਪਟਰ ਜਲਾਲਪੁਰ ਤੋਂ ਦੋ ਕਿਲੋਮੀਟਰ ਦੂਰ ਸੁਠਾਣਾ ਦੇ ਸਰਕਾਰੀ ਸਕੂਲ ਦੇ ਮੈਦਾਨ 'ਚ ਉਤਰਿਆ। ਉਨ੍ਹਾਂ ਦੇ ਸਵਾਗਤ ਲਈ ਪਰਿਵਾਰਕ ਮੈਂਬਰ ਮੌਜੂਦ ਸਨ। ਸੂਚਨਾ ਮਿਲਦੇ ਹੀ ਕਈ ਪਿੰਡ ਵਾਸੀ ਵੀ ਹੈਲੀਕਾਪਟਰ ਨੂੰ ਦੇਖਣ ਲਈ ਆ ਗਏ। ਕਸੌਲਾ ਥਾਣੇ ਦੇ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ। ਵਿਜੇ ਸਿੰਘ ਚੌਹਾਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਢੋਲ-ਵਾਜਿਆਂ ਨਾਲ ਘਰ ਲਿਜਾਇਆ ਗਿਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸੰਤੋਸ਼ ਦੇਵੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸਾਬਕਾ ਫੌਜੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਿਜੇ ਚੌਹਾਨ ਪੁਲਸ 'ਚ ਭਰਤੀ ਹੋਣ ਤੋਂ ਪਹਿਲਾਂ ਫੌਜ 'ਚ ਸਨ। ਉਨ੍ਹਾਂ ਨੇ ਕਾਰਗਿਲ ਯੁੱਧ ਵਿਚ ਵੀ ਹਿੱਸਾ ਲਿਆ ਸੀ। ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਦੇ ਖੁਫੀਆ ਵਿਭਾਗ ਵਿਚ ਹੈੱਡ ਕਾਂਸਟੇਬਲ ਵਜੋਂ ਕੰਮ ਕੀਤਾ।
ਬੱਚਿਆਂ ਦੀਆਂ ਇੱਛਾ ਕੀਤੀ ਪੂਰੀ
ਦੱਸ ਦੇਈਏ ਕਿ ਵਿਜੇ ਕੁਮਾਰ ਪਹਿਲਾਂ ਭਾਰਤੀ ਫੌਜ 'ਚ ਕੰਮ ਕਰਦੇ ਸਨ ਅਤੇ 2003 'ਚ ਸੇਵਾਮੁਕਤ ਹੋਣ ਤੋਂ ਬਾਅਦ ਉਹ ਹਰਿਆਣਾ ਪੁਲਸ ਵਿਚ ਭਰਤੀ ਹੋਏ ਸਨ। ਉਹ ਹਰਿਆਣਾ ਪੁਲਿਸ ਵਿਚ ਕਈ ਸਾਲ ਸੇਵਾ ਕਰਨ ਤੋਂ ਬਾਅਦ 31 ਦਸੰਬਰ 2024 ਨੂੰ ਸੇਵਾਮੁਕਤ ਹੋਏ। ਵਿਜੇ ਕੁਮਾਰ ਰੇਵਾੜੀ ਦੇ ਪਿੰਡ ਜਲਾਲਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਮੇਰੇ ਬੱਚਿਆਂ ਦੀ ਇੱਛਾ ਸੀ ਕਿ ਮੈਂ ਰਿਟਾਇਰਮੈਂਟ ਵਿਚ ਹੈਲੀਕਾਪਟਰ 'ਚ ਘਰ ਆਵਾਂ। ਵਿਜੇ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ 17 ਸਾਲ ਫੌਜ ਵਿਚ ਸੇਵਾ ਕੀਤੀ ਅਤੇ ਫਿਰ 22 ਸਾਲ ਹਰਿਆਣਾ ਪੁਲਸ ਵਿਚ ਸੇਵਾ ਕੀਤੀ।