ਪਟਨਾ ਦੇ ਖਾਨ ਗਲੋਬਲ ਇੰਸਟੀਚਿਊਟ ''ਤੇ ਹਮਲਾ ਮਾਮਲੇ ''ਚ ਤਿੰਨ ਗ੍ਰਿਫਤਾਰ

Wednesday, Jun 03, 2026 - 03:35 PM (IST)

ਪਟਨਾ ਦੇ ਖਾਨ ਗਲੋਬਲ ਇੰਸਟੀਚਿਊਟ ''ਤੇ ਹਮਲਾ ਮਾਮਲੇ ''ਚ ਤਿੰਨ ਗ੍ਰਿਫਤਾਰ

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ 'ਚ ਸਥਿਤ ਮਸ਼ਹੂਰ ਕੋਚਿੰਗ ਸੈਂਟਰ 'ਖਾਨ ਗਲੋਬਲ ਸਟੱਡੀਜ਼' 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਇਹ ਹਮਲਾ ਦੋ ਕੋਚਿੰਗ ਸੰਸਥਾਵਾਂ ਵਿਚਾਲੇ ਚੱਲ ਰਹੀ ਆਪਸੀ ਰੰਜਿਸ਼ ਦਾ ਨਤੀਜਾ ਹੈ।

ਨਗਰ ਪੁਲਸ ਉਪ ਕਪਤਾਨ (ਡੀਐੱਸਪੀ) ਰਾਜੇਸ਼ ਰੰਜਨ ਨੇ ਦੱਸਿਆ ਕਿ 2 ਜੂਨ ਦੀ ਰਾਤ ਨੂੰ ਕਰੀਬ 10:10 ਵਜੇ ਕਦਮਕੂਆਂ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਮੁਸੱਲਹਪੁਰ ਹਾਟ ਸਥਿਤ ਖਾਨ ਗਲੋਬਲ ਸਟੱਡੀਜ਼ ਸੰਸਥਾ 'ਤੇ ਕੁਝ ਲੋਕਾਂ ਵੱਲੋਂ ਪਥਰਾਅ ਅਤੇ ਭੰਨ-ਤੋੜ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ 'ਤੇ ਕਾਬੂ ਪਾਇਆ। ਹਾਲਾਂਕਿ ਇਸ ਪਥਰਾਅ ਵਿੱਚ ਕਿਸੇ ਵਿਦਿਆਰਥੀ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਸੰਸਥਾ ਦੇ ਇਕ ਸੁਰੱਖਿਆ ਕਰਮੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਜ਼ਖਮੀ ਸੁਰੱਖਿਆ ਕਰਮੀ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (PMCH) 'ਚ ਭਰਤੀ ਕਰਵਾਇਆ ਗਿਆ ਹੈ।

ਡੀਐੱਸਪੀ ਨੇ ਖੁਲਾਸਾ ਕੀਤਾ ਕਿ ਹਾਲ ਹੀ 'ਚ ਸਿਪਾਹੀ ਭਰਤੀ ਪ੍ਰੀਖਿਆ ਦੇ ਨਤੀਜਿਆਂ ਤੋਂ ਬਾਅਦ ਖਾਨ ਗਲੋਬਲ ਇੰਸਟੀਚਿਊਟ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਭ ਤੋਂ ਵੱਧ ਉਮੀਦਵਾਰ ਸਫਲ ਹੋਏ ਹਨ। ਇਸ ਖੁਸ਼ੀ 'ਚ ਪਿਛਲੇ ਐਤਵਾਰ ਨੂੰ ਇੱਕ ਪਾਰਟੀ ਰੱਖੀ ਗਈ ਸੀ, ਜੋ ਇੱਕ ਵਿਰੋਧੀ ਕੋਚਿੰਗ ਸੰਸਥਾ ਨੂੰ ਪਸੰਦ ਨਹੀਂ ਆਈ।

ਪੁਲਸ ਨੇ ਸੀਸੀਟੀਵੀ ਫੁਟੇਜ ਅਤੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ 'ਗਿਆਨ ਬਿੰਦੂ' ਸੰਸਥਾ ਦੇ ਡਾਇਰੈਕਟਰ ਰੌਸ਼ਨ ਆਨੰਦ, ਅਭਿਸ਼ੇਕ ਅਤੇ ਗੌਰਵ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਸੀਸੀਟੀਵੀ ਫੁਟੇਜ ਵਿੱਚ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ ਹੈ। 

ਸੰਸਥਾ ਦੇ ਮੈਨੇਜਰ ਕਨ੍ਹਈਆ ਕੁਮਾਰ ਸਿੰਘ ਦੀ ਲਿਖਤੀ ਸ਼ਿਕਾਇਤ 'ਤੇ 15-20 ਅਣਪਛਾਤੇ ਲੋਕਾਂ ਅਤੇ ਗਿਆਨ ਬਿੰਦੂ ਦੇ ਸੰਚਾਲਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲਸ ਹੋਰ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News