ਸ਼੍ਰੀਨਗਰ ਮੁਕਾਬਲੇ ’ਚ ਪੁਲਸ ਕਾਂਸਟੇਬਲ ਆਮੀਰ ਹੁਸੈਨ ਸ਼ਹੀਦ

Wednesday, Mar 23, 2022 - 10:26 AM (IST)

ਸ਼੍ਰੀਨਗਰ ਮੁਕਾਬਲੇ ’ਚ ਪੁਲਸ ਕਾਂਸਟੇਬਲ ਆਮੀਰ ਹੁਸੈਨ ਸ਼ਹੀਦ

ਸ਼੍ਰੀਨਗਰ (ਭਾਸ਼ਾ)- ਸ਼੍ਰੀਨਗਰ ਦੇ ਸੌਰਾ ਇਲਾਕੇ ਵਿਚ ਮੰਗਲਵਾਰ ਨੂੰ ਹੋਏ ਮੁਕਾਬਲੇ ਵਿਚ ਪੁਲਸ ਦਾ ਕਾਂਸਟੇਬਲ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਦੇ ਸੌਰਾ ਇਲਾਕੇ ਦੇ ਬਲੋਚੀਪੋਰਾ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਬਾਅਦ ਦੁਪਹਿਰ ਲਗਭਗ ਢਾਈ ਵਜੇ ਅੱਤਵਾਦੀਆਂ ਨੇ ਕੁਪਵਾੜਾ ਦੇ ਰਹਿਣ ਵਾਲੇ ਕਾਂਸਟੇਬਲ ਆਮੀਰ ਹੁਸੈਨ ਲੋਨ ’ਤੇ ਗੋਲੀਆਂ ਚਲਾਈਆਂ ਜਿਸ ਵਿਚ ਹੁਸੈਨ ਗੰਭੀਰ ਜਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਕਸ਼ਮੀਰ ਜ਼ੋਨ ਦੀ ਪੁਲਸ ਨੇ ਟਵੀਟ ਕੀਤਾ,‘‘ਸ਼੍ਰੀਨਗਰ ਦੇ ਸੌਰਾ ਇਲਾਕੇ ਵਿਚ ਹੋਏ ਸੰਖੇਪ ਮੁਕਾਬਲੇ ’ਚ ਕੁਪਵਾੜਾ ਦਾ ਕਾਂਸਟੇਬਲ ਆਮਿਰ ਹੁਸੈਨ ਲੋਨ ਸ਼ਹੀਦ ਹੋ ਗਿਆ ਹੈ। ਅਸੀਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਦੁੱਖ ਦੀ ਇਸ ਘੜੀ ਵਿਚ ਉਸ ਦੇ ਪਰਿਵਾਰ ਦੇ ਨਾਲ ਹਾਂ।’’

ਓਧਰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਸ਼ਨੀਵਾਰ ਸ਼ਾਮ ਨੂੰ ਸੀ. ਆਰ. ਪੀ. ਐੱਫ. ਦੀ ਪਾਰਟੀ ’ਤੇ ਗ੍ਰੇਨੇਡ ਹਮਲੇ ਦੇ ਦੋਸ਼ ਵਿਚ ਪੁਲਸ ਨੇ ਮੰਗਲਵਾਰ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ। ਜਾਂਚ ਦੌਰਾਨ ਮੇਲਹੁਰਾ ਦੇ ਫਾਜ਼ਿਲ-ਬਿਨ-ਰਸ਼ੀਦ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੁਲਜ਼ਮ ਨੇ ਪੁੱਛਗਿੱਛ ਵਿਚ ਖੁਲਾਸਾ ਕੀਤਾ ਕਿ ਉਹ ਸਰਗਰਮ ਅੱਤਵਾਦੀ ਬਾਸਿਤ ਅਹਿਮਦ ਨਾਲ ਕੰਮ ਕਰ ਰਿਹਾ ਸੀ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦਿ ਰੈਸਿਸਟੈਂਸ ਫਰੰਟ ਆਫ ਫ੍ਰਿਸਲ ਨਾਲ ਜੁੜਿਆ ਸੀ। ਉਸ ਨੇ ਉਸੇ ਦੇ ਹੁਕਮ ’ਤੇ ਗ੍ਰੇਨੇਡ ਸੁੱਟਿਆ ਸੀ। ਪੁਲਸ ਨੇ ਕਿਹਾ ਕਿ ਮੁਲਜ਼ਮ ਨੇ ਸ਼੍ਰੀਨਗਰ ਦੇ ਨੋਵਪੋਰਾ ਸਫਕਦਲ ਦੇ ਵਾਸੀ ਕੈਸਰ ਖਾਨ ਦੇ ਨਾਂ ਦਾ ਵੀ ਖੁਲਾਸਾ ਕੀਤਾ ਜਿਸ ’ਤੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਦੇ ਕੋਲੋਂ ਹਥਿਆਰ, ਗੋਲਾ-ਬਾਰੂਦ, 3 ਚੀਨੀ ਪਿਸਤੌਲ, 6 ਮੈਗਜ਼ੀਨ, 4 ਗ੍ਰੇਨੇਡ ਅਤੇ 30 ਕਾਰਤੂਸਾਂ ਸਮੇਤ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਇਸ ਮਾਮਲੇ ਨਾਲ ਜੁੜੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News