ਪੁਲਸ ਨੇ ਦਬੋਚਿਆ ਲਸ਼ਕਰ ਅੱਤਵਾਦੀ ਅਰਸ਼ਦ, ਹੈਂਡ ਗ੍ਰਨੇਡ ਬਰਾਮਦ

Saturday, Nov 13, 2021 - 09:49 AM (IST)

ਸ਼੍ਰੀਨਗਰ– ਜੰਮੂ-ਕਸ਼ਮੀਰ ਪੁਲਸ ਨੇ ਕਸ਼ਮੀਰ ਦੇ ਗੰਦੇਰਬਲ ਜ਼ਿਲ੍ਹੇ ਤੋਂ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਉਸ ਕੋਲੋਂ ਇਕ ਹੈਂਡ ਗ੍ਰੇਨੇਡ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਅੱਤਵਾਦੀ ਦੀ ਪਛਾਣ ਅਰਸ਼ਦ ਅਹਿਮਦ ਮੀਰ ਵਜੋਂ ਹੋਈ ਹੈ ਜੋ ਕਿ ਫ਼ੌਜੀ ਗੱਡੀ ਦੇ ਦਸਤੇ ਦੇ ਕਰੀਬ ਸ਼ੱਕੀ ਢੰਗ ਨਾਲ ਚੱਲ ਰਿਹਾ ਸੀ। ਪੁਲਸ ਦੇ ਰੋਕੇ ਜਾਣ ’ਤੇ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ।  ਜਾਂਚ ਵਿਚ ਪਤਾ ਲੱਗਾ ਕਿ ਉਹ ਲਸ਼ਕਰ-ਏ-ਤੋਇਬਾ ਦੇ ਰਜਿਸਟੈਂਟ ਫਰੰਟ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਭਰਾ ਲਤੀਫ ਅਹਿਮਦ ਮੀਰ ਨੂੰ ਵੀ ਇਸੇ ਅੱਤਵਾਦੀ ਸੰਗਠਨ ਵਿਚ ਭਰਤੀ ਕਰਵਾਇਆ ਸੀ। ਉਥੇ ਹੀ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨੂੰ ਇਕ ਹੋਰ ਅੱਤਵਾਦੀ ਦੀ ਲਾਸ਼ ਬਰਾਮਦ ਹੋਈ, ਜਿਸ ਦੇ ਨਾਲ ਹੀ ਦੱਖਣੀ ਕਸ਼ਮੀਰ ਜ਼ਿਲ੍ਹੇ ਵਿਚ ਜਾਰੀ ਮੁਹਿੰਮ ਵਿਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਵਧ ਕੇ 2 ਹੋ ਗਈ।

ਇਹ ਵੀ ਪੜ੍ਹੋ : ਕੁਲਗਾਮ ਮੁਕਾਬਲੇ ’ਚ 2 ਅੱਤਵਾਦੀ ਢੇਰ, ਟਾਰਗੇਟ ਕਿਲਿੰਗ ਨੂੰ ਲੈ ਕੇ ਚਲਾਈ ਗਈ ਤਲਾਸ਼ੀ ਮੁਹਿੰਮ

ਪੁਲਸ ਬੁਲਾਰੇ ਨੇ ਦੱਸਿਆ ਕਿ ਲਾਸ਼ ਸ਼ੁੱਕਰਵਾਰ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਲਗਾਮ ਦੇ ਚਾਂਸਰ ਚਾਵਲਗਾਮ ਵਿਚ ਵੀਰਵਾਰ ਨੂੰ ਸੁਰੱਖਿਆ ਫੋਰਸਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋਇਆ ਸੀ, ਜਿਸ ਵਿਚ ਬੀਤੇ ਦਿਨ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਹੋਈ ਸੀ। ਪੁਲਸ ਨੇ ਦੱਸਿਆ ਕਿ ਮੌਕੇ ਤੋਂ ਗੋਲਾ-ਬਾਰੂਦ ਵੀ ਬਰਾਮਦ ਹੋਇਆ ਹੈ।  ਕਸ਼ਮੀਰ ਦੇ ਆਈ. ਜੀ. ਪੀ. ਵਿਜੇ ਕੁਮਾਰ ਨੇ ਟਵੀਟ ਕੀਤਾ ਕਿ ਸ਼੍ਰੀਨਗਰ ਵਿਚ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀ ਦੀ ਪਛਾਣ ਪੁਲਵਾਮਾ ਦੇ ਖ੍ਰੇਵ ਦੇ ਆਮਿਰ ਰਿਆਜ ਵਜੋਂ ਹੋਈ ਜੋ ਐਲਾਨੇ ਅੱਤਵਾਦੀ ਸੰਗਠਨ ਮੁਜਾਹਿਦੀਨ ਗਜਵਤ ਉਲ ਹਿੰਦ ਦਾ ਮੈਂਬਰ ਸੀ ਅਤੇ ਉਸ ਨੂੰ ਆਤਮਘਾਤੀ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News