ਗ੍ਰਹਿ ਮੰਤਰਾਲਾ ਦਾ ਕਾਰਡ ਲੈ ਕੇ ਲੋਕਾਂ ਤੋਂ ਕਰ ਰਿਹਾ ਸੀ ਵਸੂਲੀ, ਗ੍ਰਿਫਤਾਰ
Friday, Apr 29, 2022 - 10:57 AM (IST)
ਨਵੀਂ ਦਿੱਲੀ– ਕੋਵਿਡ ਸਬੰਧੀ ਸਰਕਾਰ ਨੇ ਗਾਈਡਲਾਈਨਸ ਜਾਰੀ ਕਰ ਰੱਖੀਆਂ ਹਨ, ਜਿਸ ’ਚ ਮਾਸਕ ਲਾਉਣਾ ਤੇ ਦੋ ਗਜ਼ ਦੀ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੈ। ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਚਲਾਨ ਭਰਨਾ ਪੈ ਸਕਦਾ ਹੈ । ਇਸ ਲਈ ਸਰਕਾਰ ਤੇ ਪੁਲਸ ਦੀਆਂ ਟੀਮਾਂ ਜਗ੍ਹਾ-ਜਗ੍ਹਾ ਚੈਕਿੰਗ ਵੀ ਕਰ ਰਹੀਆਂ ਹਨ ਪਰ ਕੁਝ ਧੋਖੇਬਾਜ਼ ਗੈਂਗ ਅਜਿਹੇ ਹਨ ਜੋ ਭੋਲੇ-ਭਾਲੇ ਲੋਕਾਂ ਨੂੰ ਟਾਰਗੈੱਟ ਕਰ ਕੇ ਹਰ ਰੋਜ 5 ਤੋਂ 10 ਹਜ਼ਾਰ ਰੁਪਏ ਠੱਗ ਰਹੇ ਹਨ।
ਨੇਤਾਜੀ ਸੁਭਾਸ਼ ਪੈਲੇਸ ਪੁਲਸ ਨੇ ਅਜਿਹੇ ਹੀ ਇਕ ਧੋਖੇਬਾਜ਼ ਨੂੰ ਜਨਤਾ ਦੀ ਸਹਾਇਤਾ ਨਾਲ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰੋਹਿਣੀ ਸੈਕਟਰ-17 ’ਚ ਰਹਿਣ ਵਾਲੇ ਜਤਿਨ ਸਹਿਗਲ ਦੇ ਰੂਪ ’ਚ ਹੋਈ ਹੈ। ਉਸ ਦੇ ਕਬਜ਼ੇ ਤੋਂ ਇਕ ਗ੍ਰਹਿ ਮੰਤਰਾਲਾ ਦਾ ਕਾਰਡ ਤੇ 2700 ਰੁਪਏ, ਡਾਇਰੀ, ਚਲਾਨ ਦੇ 4 ਤੋਂ 5 ਦਸਤਖਤ ਕੀਤੀਆਂ ਗਈਆਂ ਪਰਚੀਆਂ ਆਦਿ ਸਾਮਾਨ ਮਿਲਿਆ ਹੈ। ਇਹ ਕਾਰਡ 5 ਮਹੀਨੇ ਪਹਿਲਾਂ ਮੰਤਰਾਲਾ ਦੇ ਇਕ ਅਧਿਕਾਰੀ ਦਾ ਗੁਆਚ ਚੁੱਕਿਆ ਸੀ, ਜਿਸ ਦੀ ਉਨ੍ਹਾਂ ਨੇ ਐੱਫ. ਆਈ. ਆਰ. ਵੀ ਦਰਜ ਕਰਵਾ ਰੱਖੀ ਹੈ। ਲੋਕਾਂ ਤੋਂ ਪਤਾ ਚੱਲਿਆ ਕਿ ਉਹ ਪਹਿਲਾਂ ਖੁਦ ਨੂੰ ਗ੍ਰਹਿ ਮੰਤਰਾਲਾ ਦਾ ਕਰਮਚਾਰੀ ਦੱਸ ਕੇ ਮਾਸਕ ਨਾ ਪਾਉਣ ’ਤੇ ਪੈਸੇ ਵਸੂਲ ਕਰ ਰਿਹਾ ਸੀ।