ਲਾਕਡਾਊਨ ''ਚ ਅਨੋਖਾ ਵਿਆਹ : ਪੁਲਸ ਅਧਿਕਾਰੀ ਬਣੀ ਮਾਂ, ਸ਼ਹਿਨਾਈ ਦੀ ਥਾਂ ਵੱਜਿਆ ''ਸਾਇਰਨ''

05/26/2020 12:15:59 PM

ਦੇਵਾਸ— ਲਾਕਡਾਊਨ 'ਚ ਸਾਦੇ ਵਿਆਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਲਾਕਡਾਊਨ 'ਚ ਹੋ ਰਹੇ ਵਿਆਹਾਂ 'ਚ ਪੁਲਸ ਵੀ ਨਵੇਂ ਵਿਆਹੇ ਜੋੜਿਆਂ ਦਾ ਜਿੱਥੇ ਸਵਾਗਤ ਕਰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਮੱਧ ਪ੍ਰਦੇਸ਼ ਦੇ ਦੇਵਾਸ 'ਚ ਪੁਲਸ ਦੀ ਦੇਖ-ਰੇਖ ਵਿਚ ਇਕ ਅਨੋਖਾ ਵਿਆਹ ਹੋਇਆ। ਦਰਅਸਲ ਦੇਵਾਸ ਦੀ ਰਹਿਣ ਵਾਲੀ ਕਵਿਤਾ ਨਾਂ ਦੀ ਕੁੜੀ ਦਾ ਵਿਆਹ ਤ੍ਰਿਲੋਕ ਨਗਰ ਦੇ ਨੌਜਵਾਨ ਜਤਿੰਦਰ ਨਾਲ ਹੋਇਆ। ਇਹ ਵਾਹ ਹਰ ਲਿਹਾਜ ਨਾਲ ਅਨੋਖਾ ਸੀ। ਕਵਿਤਾ ਦੀ ਮਾਂ ਨਹੀਂ ਹੈ ਤਾਂ ਪੁਲਸ ਵਿਭਾਗ ਦੀ ਉੱਚ ਅਧਿਕਾਰੀ ਨੇ ਇਸ ਕਮੀ ਨੂੰ ਪੂਰਾ ਕੀਤਾ। ਨਾਲ ਹੀ ਮਾਮਾ ਦਾ ਫਰਜ਼ ਪੁਲਸ ਮੁਲਾਜ਼ਮਾਂ ਨੇ ਨਿਭਾਇਆ। ਪੁਲਸ ਵਿਭਾਗ ਨੇ ਲਾੜੀ ਨੂੰ ਵਿਦਾਈ ਦਾ ਸਾਮਾਨ ਵੀ ਦਿੱਤਾ। ਵਿਭਾਗ ਵਲੋਂ ਕਵਿਤਾ ਨੂੰ ਫਰਿੱਜ, ਟੀ.ਵੀ., ਕੂਲਰ, ਭਾਂਡੇ, ਕ੍ਰਿਸ਼ਨ ਭਗਵਾਨ ਅਤੇ ਸਿੰਘਾਸਨ, ਪੂਜਾ ਦੀ ਸਮੱਗਰੀ ਭੇਟ ਕੀਤੀ ਗਈ। ਇਸ ਤੋਂ ਬਾਅਦ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇ ਕੇ ਵਿਦਾ ਕੀਤਾ। 

ਦਰਅਸਲ ਕਵਿਤਾ ਦੀ ਮਾਂ ਨਹੀ ਹੈ ਅਤੇ ਪਿਤਾ ਦੀ ਨੌਕਰੀ ਵੀ ਲਾਕਡਾਊਨ ਕਰ ਕੇ ਚੱਲੀ ਗਈ। ਪਿਤਾ ਵਿਆਹ ਲਈ ਕਰਜ਼ ਲੈਣ ਲਈ ਪਰੇਸ਼ਾਨ ਹੋ ਰਹੇ ਸਨ। ਇਸ ਲਈ ਪੁਲਸ ਵਿਭਾਗ ਨੇ ਇਕ ਧੀ ਦੇ ਵਿਆਹ ਦਾ ਜ਼ਿੰਮਾ ਚੁੱਕਿਆ। ਕਵਿਤਾ ਦਾ ਵਿਆਹ ਤ੍ਰਿਲੋਕ ਨਗਰ ਦੇ ਰਹਿਣ ਵਾਲੇ ਜਤਿੰਦਰ, ਪਿਤਾ ਦੇਵਕਰਣ ਨਾਲ ਤੈਅ ਹੋਇਆ ਹੈ। ਜਤਿੰਦਰ ਅਤੇ ਉਸ ਦੇ ਪਿਤਾ ਫਰਨੀਚਰ ਦੇ ਕਾਰੀਗਰ ਹਨ। ਵਿਆਹ ਵਿਚ ਦੇਵਾਸ ਦੇ ਸਾਰੇ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਲਾੜੀ ਦੇ ਮਾਮਾ ਬਣ ਕੇ ਕੰਨਿਆਦਾਨ 'ਚ ਸ਼ਾਮਲ ਹੋਏ। 

ਪੁਲਸ ਮੁਲਾਜ਼ਮਾਂ ਨੂੰ ਜਦੋਂ ਕਵਿਤਾ ਦੇ ਪਰਿਵਾਰ ਦੀ ਹਾਲਤ ਦਾ ਪਤਾ ਲੱਗਾ ਤਾਂ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ। ਵਿਆਹ ਵਿਚ ਢੋਲ ਅਤੇ ਸ਼ਹਿਨਾਈ ਦੀ ਥਾਂ ਪੁਲਸ ਨੇ ਸਾਇਰਨ ਵਜਾਉਣ ਦਾ ਫੈਸਲਾ ਕੀਤਾ ਅਤੇ ਕਵਿਤਾ ਦੇ ਵਿਆਹ ਨੂੰ ਯਾਦਗਾਰ ਬਣਾ ਦਿੱਤਾ। ਲਾਕਡਾਊਨ ਕਾਰਨ ਪੁਲਸ ਨੇ ਕਵਿਤਾ ਦੇ ਵਿਆਹ ਨੂੰ ਲੈ ਕੇ ਐੱਸ. ਡੀ. ਐੱਮ. ਤੋਂ ਵਿਸ਼ੇਸ਼ ਆਗਿਆ ਲਈ ਸੀ। ਵਿਆਹ ਵਿਚ ਮਹਿਮਾਨਾਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ ਕਰਵਾਇਆ ਗਿਆ। ਲਾੜਾ-ਲਾੜੀ ਸਮੇਤ ਵਿਆਹ 'ਚ ਸ਼ਾਮਲ ਸਾਰੇ ਪੁਲਸ ਮੁਲਾਜ਼ਮਾਂ ਨੇ ਮਾਸਕ ਪਹਿਨੇ ਹੋਏ ਸਨ।


Tanu

Content Editor

Related News