ਭਲਕੇ ਅੰਤਰਰਾਸ਼ਟਰੀ ਵਕੀਲ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
Friday, Sep 22, 2023 - 07:42 PM (IST)
ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਸਥਿਤ ਵਿਗਿਆਨ ਭਵਨ 'ਚ ਅੰਤਰਰਾਸ਼ਟਰੀ ਵਕੀਲ ਸੰਮੇਲਨ 2023 ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ, ਇਸ ਮੌਕੇ ਪ੍ਰਧਾਨ ਮੰਤਰੀ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਇਸ ਸੰਮੇਲਨ ਦਾ ਆਯੋਜਨ 'ਬਾਰ ਕਾਊਂਸਲ ਆਫ ਇੰਡੀਆ' ਕਰ ਰਿਹਾ ਹੈ। ਇਹ ਆਯੋਜਨ 23-24 ਸਤੰਬਰ ਨੂੰ ਕੀਤਾ ਜਾਵੇਗਾ। ਸੰਮੇਲਨ ਦਾ ਮੁੱਖ ਵਿਸ਼ਾ 'ਨਿਆਂ ਪ੍ਰਦਾਨ ਪ੍ਰਣਾਲੀ 'ਚ ਉਭਰਦੀਆਂ ਚੁਣੌਤੀਆਂ' ਹਨ।
ਪੀ.ਐੱਮ.ਓ. ਨੇ ਕਿਹਾ ਕਿ ਸੰਮੇਲਨ ਦਾ ਉਦੇਸ਼ ਵੱਖ-ਵੱਖ ਕਾਨੂੰਨੀ ਵਿਸ਼ਿਆਂ 'ਤੇ ਸਾਰਥਕ ਸੰਵਾਦ ਅਤੇ ਚਰਚਾ ਲਈ ਇਕ ਮੰਚ ਪ੍ਰਦਾਨ ਕਰਨਾ ਹੈ। ਇਸ ਮੌਕੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਵਿਚਾਰਾਂ ਤੇ ਅਨੁਭਵਾਂ ਦਾ ਅਦਾਨ-ਪ੍ਰਦਾਨ ਕੀਤਾ ਜਾਵੇਗਾ। ਇਸਤੋਂ ਇਲਾਵਾ ਕਾਨੂੰਨੀ ਵਿਸ਼ਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਅਤੇ ਸਮਝ ਨੂੰ ਮਜ਼ਬੂਤ ਕੀਤਾ ਜਾਵੇਗਾ। ਦੇਸ਼ 'ਚ ਪਹਿਲੀ ਵਾਰ ਆਯੋਜਿਤ ਹੋ ਰਹੇ ਇਸ ਸੰਮੇਲਨ 'ਚ ਉਭਰਦੇ ਕਾਨੂੰਨੀ ਰੁਝਾਨ, ਸਰਹੱਦ ਪਾਰ ਮੁਕਦਮਿਆਂ ਦੀਆਂ ਚੁਣੌਤੀਆਂ, ਕਾਨੂੰਨੀ ਤਕਨੀਕ, ਵਾਤਾਵਰਣ ਕਾਨੂੰਨ ਆਦਿ ਵਿਸ਼ਿਆਂ 'ਤੇ ਚਰਚਾ ਹੋਵੇਗੀ। ਪ੍ਰੋਗਰਾਮ 'ਚ ਵਿਸ਼ਵ ਕਾਨੂੰਨੀ ਭਾਈਚਾਰੇ ਦੇ ਉੱਘੇ ਜੱਜ, ਕਾਨੂੰਨੀ ਪੇਸ਼ੇਵਰ ਅਤੇ ਮਾਹਿਰ ਹਿੱਸਾ ਲੈਣਗੇ।