PM ਉੱਜਵਲਾ ਯੋਜਨਾ: ਪਿਛਲੇ 5 ਸਾਲਾਂ 'ਚ ਸਿਲੰਡਰ ਰੀਫਿਲ ਹੋਏ ਦੁੱਗਣੇ
Tuesday, Mar 25, 2025 - 05:26 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਤਹਿਤ ਸਿਲੰਡਰ ਰੀਫਿਲ ਕਰਨ ਦੀ ਗਿਣਤੀ ਨੂੰ ਲੈ ਕੇ ਵਿਰੋਧੀ ਧਿਰ ਅਕਸਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੀ ਹੈ। ਇਹ ਦਾਅਵਾ ਕਰਦੇ ਹੋਏ ਲੋਕ ਇਹ ਸਿਲੰਡਰ ਰੀਫਿਲ ਨਹੀਂ ਕਰਵਾ ਰਹੇ ਹਨ ਅਤੇ ਲੱਕੜਾਂ 'ਤੇ ਖਾਣਾ ਪਕਾਉਣ ਵੱਲ ਪਰਤ ਰਹੇ ਹਨ। ਹਾਲਾਂਕਿ ਹਾਲ ਦੇ ਸਰਕਾਰੀ ਅੰਕੜੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦੇ ਹਨ। ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਪਿਛਲੇ ਪੰਜ ਸਾਲਾਂ 'ਚ ਯੋਜਨਾ ਤਹਿਤ ਰੀਫਿਲ ਦੁੱਗਣੀ ਹੋ ਗਈ ਹੈ ਅਤੇ PMUY ਲਾਭਪਾਤਰੀਆਂ ਦੀ ਪ੍ਰਤੀ ਵਿਅਕਤੀ ਸਿਲੰਡਰ ਦੀ ਖਪਤ ਪ੍ਰਤੀ ਸਾਲ ਚਾਰ ਸਿਲੰਡਰ ਤੱਕ ਵਧ ਗਈ ਹੈ, ਜੋ ਯੋਜਨਾ ਦੀ ਸਫਲਤਾ ਨੂੰ ਸਾਬਤ ਕਰਦੀ ਹੈ।
ਸਰਕਾਰ ਨੇ ਕਿਹਾ ਕਿ 1 ਮਾਰਚ 2025 ਤੱਕ ਦੇਸ਼ ਭਰ 'ਚ 10.33 ਕਰੋੜ PMUY ਕਨੈਕਸ਼ਨ ਹਨ। ਇਸ ਯੋਜਨਾ ਦੇ ਤਹਿਤ ਰੀਫਿਲ ਸਿਲੰਡਰ ਪੰਜ ਸਾਲਾਂ ਵਿਚ ਦੁੱਗਣੇ ਹੋ ਗਏ ਹਨ। ਜਦੋਂ ਕਿ ਇਸ ਵਿੱਤੀ ਸਾਲ (FY) 'ਚ ਫਰਵਰੀ ਤੱਕ 41.95 ਕਰੋੜ ਰੀਫਿਲ ਡਿਲੀਵਰ ਕੀਤੇ ਗਏ ਸਨ, ਇਹ 2023-24 'ਚ ਪਹਿਲਾਂ ਹੀ 39.38 ਕਰੋੜ ਰੀਫਿਲ ਤੋਂ ਵੱਧ ਹੈ। 2019-20 'ਚ ਰੀਫਿਲ ਦੀ ਗਿਣਤੀ 22.80 ਕਰੋੜ ਰਹੀ, ਜੋ ਕਿ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਇਸ ਵਿੱਤੀ ਸਾਲ 'ਚ ਲਗਭਗ 100 ਫ਼ੀਸਦੀ ਵਾਧਾ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਮਈ 2016 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਗਰੀਬ ਘਰਾਂ ਦੀਆਂ ਔਰਤਾਂ ਨੂੰ LPG ਕੁਨੈਕਸ਼ਨ ਪ੍ਰਦਾਨ ਕਰਨਾ ਸੀ। ਇਸ ਯੋਜਨਾ ਤਹਿਤ 8 ਕਰੋੜ ਕੁਨੈਕਸ਼ਨ ਜਾਰੀ ਕਰਨ ਦਾ ਟੀਚਾ ਸਤੰਬਰ 2019 ਵਿਚ ਪੂਰਾ ਕੀਤਾ ਗਿਆ ਸੀ। ਗਰੀਬ ਘਰਾਂ ਨੂੰ ਕਵਰ ਕਰਨ ਲਈ ਅਗਸਤ 2021 ਵਿਚ ਉੱਜਵਲਾ 2.0 ਯੋਜਨਾ ਲਾਂਚ ਕੀਤੀ ਗਈ ਸੀ, ਜਿਸ ਵਿਚ 1 ਕਰੋੜ ਵਾਧੂ ਕੁਨੈਕਸ਼ਨ ਜਾਰੀ ਕਰਨ ਦਾ ਟੀਚਾ ਸੀ, ਜਿਸ ਨੂੰ ਜਨਵਰੀ 2022 ਤੱਕ ਪੂਰਾ ਕਰ ਲਿਆ ਗਿਆ। ਇਸ ਦੇ ਨਾਲ ਹੀਹ ਸਰਕਾਰ ਨੇ ਵਿੱਤੀ ਸਾਲ 2023-24 ਤੋਂ 2025-26 ਤੱਕ PMUY ਤਹਿਤ ਵਾਧੂ 75 ਲੱਖ ਕੁਨੈਕਸ਼ਨ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ, ਜਿਸ ਵਿਚ 60 ਲੱਖ ਕੁਨੈਕਸ਼ਨ ਜੁਲਾਈ 2024 ਤੱਕ ਜਾਰੀ ਕੀਤੇ ਜਾ ਚੁੱਕੇ ਹਨ।