ਪਟਨਾ ’ਚ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਸਨ PM ਮੋਦੀ, 3 ਅੱਤਵਾਦੀ ਗ੍ਰਿਫਤਾਰ
Friday, Jul 15, 2022 - 11:38 AM (IST)
ਪਟਨਾ (ਭਾਸ਼ਾ/ਇੰਟ.)– ਪਟਨਾ ਵਿਚ ਅੱਤਵਾਦੀਆਂ ਦੇ ਵੱਡੇ ਨੈੱਟਵਰਕ ਦਾ ਖੁਲਾਸਾ ਹੋਇਆ ਹੈ। ਹੁਣ ਤੱਕ 3 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਹਾਲ ਹੀ ਵਿਚ ਇਥੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਹ ਹਮਲਾ ਕਰਨਾ ਚਾਹੁੰਦੇ ਸਨ। ਇਸ ਦੇ ਲਈ ਉਨ੍ਹਾਂ ਨੂੰ 15 ਦਿਨਾਂ ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪੀ. ਐੱਮ. 12 ਜੁਲਾਈ ਨੂੰ ਇਥੇ ਆਏ ਸਨ।
ਗ੍ਰਿਫਤਾਰ ਅੱਤਵਾਦੀ ਇਸਲਾਮ ਖਿਲਾਫ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਮਾਰਨਾ ਚਾਹੁੰਦੇ ਸਨ। ਉਨ੍ਹਾਂ ਦੇ ਨਾਵਾਂ ਦੀ ਲਿਸਟ ਵੀ ਤਿਆਰ ਸੀ। ਇਸ ਵਿਚ ਭਾਜਪਾ ਨੇਤਾ ਨੂਪੁਰ ਸ਼ਰਮਾ ਦਾ ਨਾਂ ਵੀ ਸੀ। ਪ੍ਰਧਾਨ ਮੰਤਰੀ ਦੇ ਦੌਰੇ ਤੋਂ ਇਕ ਦਿਨ ਪਹਿਲਾਂ 11 ਜੁਲਾਈ ਨੂੰ ਪੁਲਸ ਨੇ 2 ਸ਼ੱਕੀਆਂ ਅਤਹਰ ਪ੍ਰਵੇਜ਼ ਅਤੇ ਮੁਹੰਮਦ ਜਲਾਲੂਦੀਨ ਨੂੰ ਗ੍ਰਿਫਤਾਰ ਕੀਤਾ ਸੀ।
ਇੰਟੈਲੀਜੈਂਸ ਬਿਊਰੋ ਦੇ ਇਨਪੁਟ ’ਤੇ ਪੁਲਸ ਨੇ ਨਵਾਂ ਟੋਲਾ ਵਿਚ ਛਾਪੇਮਾਰੀ ਕਰ ਕੇ ਮੁਹੰਮਦ ਜਲਾਲੂਦੀਨ ਅਤੇ ਗੁਲਿਸਤਾਂ ਮੁਹੱਲੇ ਤੋਂ ਅਤਹਰ ਪ੍ਰਵੇਜ਼ ਨੂੰ ਫੜ੍ਹਿਆ ਸੀ। ਇਨ੍ਹਾਂ ਦੇ ਬੈਂਕ ਅਕਾਊਂਟ ਵਿਚੋਂ 82 ਲੱਖ ਰੁਪਏ ਤੋਂ ਵੱਧ ਦੀ ਟ੍ਰਾਂਜੈਕਸ਼ਨ ਮਿਲੀ।
ਫੁਲਵਾਰੀ ਸ਼ਰੀਫ ਦੇ ਏ. ਐੱਸ. ਪੀ. ਮਨੀਸ਼ ਕੁਮਾਰ ਨੇ ਦੱਸਿਆ ਕਿ ਇਹ ਮਿਸ਼ਨ 2047 ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਕੋਲੋਂ ਇੰਡੀਆ 2047 ਨਾਂ ਦਾ 7 ਪੇਜ ਦਾ ਡਾਕੂਮੈਂਟ ਵੀ ਮਿਲਿਆ।
ਅਤਹਰ ਨੇ ਪੁਲਸ ਨੂੰ ਦੱਸਿਆ ਕਿ ਇਸ ਮੁਹਿੰਮ ਵਿਚ 26 ਲੋਕ ਸ਼ਾਮਲ ਸਨ। ਇਨ੍ਹਾਂ ਸਾਰਿਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸਾਰੇ ਪਾਪੁਲਰ ਫਰੰਟ ਆਫ ਇੰਡੀਆ ਅਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਨਾਲ ਵੀ ਜੁੜੇ ਸਨ। ਇਨ੍ਹਾਂ ਦੋਵਾਂ ਦੀ ਸੂਚਨਾ ’ਤੇ ਵੀਰਵਾਰ ਨੂੰ ਫੁਲਵਾਰੀ ਸ਼ਰੀਫ ਦੇ ਰਹਿਣ ਵਾਲੇ ਅਰਮਾਨ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ ਇਹ ਤੀਜੀ ਵੱਡੀ ਗ੍ਰਿਫਤਾਰੀ ਹੈ। ਅਰਮਾਨ ਵੀ ਪੀ. ਐੱਫ. ਆਈ. ਦੀ ਮੀਟਿੰਗ ਵਿਚ ਸ਼ਾਮਲ ਹੁੰਦਾ ਸੀ। ਤਿੰਨਾਂ ਸ਼ੱਕੀਆਂ ਕੋਲੋਂ ਅਜੇ ਪੁੱਛਗਿੱਛ ਚੱਲ ਰਹੀ ਹੈ। ਗ੍ਰਿਫਤਾਰ ਅੱਤਵਾਦੀਆਂ ਵਿਚ ਇਕ ਝਾਰਖੰਡ ਪੁਲਸ ਦਾ ਰਿਟਾਇਰਡ ਦਾਰੋਗਾ ਜਲਾਲੂਦੀਨ ਅਤੇ ਦੂਜਾ ਉਸ ਦਾ ਸਾਥੀ ਅਤਹਰ ਪ੍ਰਵੇਜ ਹੈ।
ਪੁਲਸ ਨੇ ਇਨ੍ਹਾਂ ਦੇ ਟਿਕਾਣਿਆਂ ਤੋਂ ਇਤਰਾਜ਼ਯੋਗ ਬੈਨਰ, ਪੰਫਲੇਟ, ਵੀਡੀਓ ਸਮੇਤ ਹੋਰ ਦਸਤਾਵੇਜ਼ ਬਰਾਮਦ ਕੀਤੇ। 11 ਜੁਲਾਈ ਤੋਂ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਸਬੂਤ ਮਿਲਣ ਤੋਂ ਬਾਅਦ ਪੁਲਸ ਨੇ ਬੁੱਧਵਾਰ ਨੂੰ ਦੋਵਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਏ. ਐੱਸ. ਪੀ. ਨੇ ਦੱਸਿਆ ਕਿ ਅਤਹਰ ਦੇ ਵੱਖ-ਵੱਖ ਬੈਂਕਾਂ ਵਿਚ 3 ਅਕਾਊਂਟ ਹਨ। ਤਿੰਨਾਂ ਅਕਾਊਂਟਸ ਨੂੰ ਫ੍ਰੀਜ ਕਰਵਾਇਆ ਜਾਵੇਗਾ।
ਗ੍ਰਿਫਤਾਰ ਮੋ. ਜਲਾਲੂਦੀਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿਮੀ ਦਾ ਐਕਟਿਵ ਮੈਂਬਰ ਰਿਹਾ ਹੈ। ਹੁਣ ਇਹ ਪਾਪੁਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਦਾ ਵੀ ਐਕਟਿਵ ਮੈਂਬਰ ਹੈ। ਸਿਮੀ ਦੇ ਪੁਰਾਣੇ ਮੈਂਬਰਾਂ ਨੂੰ ਇਕਜੁੱਟ ਕਰ ਕੇ ਨਵੀਂ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਜਾਣਾ ਸੀ।
ਆਰ. ਐੱਸ. ਐੱਸ. ਦੀ ਸ਼ਾਖਾ ਵਾਂਗ ਅੱਤਵਾਦੀ ਦੇ ਰਹੇ ਸਨ ਟ੍ਰੇਨਿੰਗ : ਐੱਸ. ਐੱਸ. ਪੀ.
ਵੀਰਵਾਰ ਨੂੰ ਸ਼ੱਕੀ ਅੱਤਵਾਦੀਆਂ ਦੇ ਮਨਸੂਬਿਆਂ ਦਾ ਖੁਲਾਸਾ ਕਰਦੇ ਹੋਏ ਪਟਨਾ ਐੱਸ. ਐੱਸ. ਪੀ. ਮਾਨਵਜੀਤ ਸਿੰਘ ਢਿਲੋਂ ਨੇ ਉਨ੍ਹਾਂ ਦੀ ਟ੍ਰੇਨਿੰਗ ਨੂੰ ਆਰ. ਐੱਸ. ਐੱਸ. ਨਾਲ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਦਰੱਸੇ ਤੋਂ ਇਹ ਲੋਕਾਂ ਨੂੰ ਮੋਬਿਲਾਈਜ਼ ਕਰਦੇ ਸਨ ਅਤੇ ਕੱਟੜਤਾ ਵੱਲ ਮੋੜ ਰਹੇ ਸਨ। ਇਸ ਦਾ ਤਰੀਕਾ ਉਂਝ ਹੀ ਸੀ ਜਿਵੇਂ ਸ਼ਾਖਾ ਦਾ ਹੁੰਦਾ ਹੈ। ਆਰ. ਐੱਸ. ਐੱਸ. ਦੀ ਸ਼ਾਖਾ ਆਰਗੇਨਾਈਜ਼ ਕੀਤੀ ਜਾਂਦੀ ਹੈ ਅਤੇ ਲਾਠੀ ਦੀ ਟ੍ਰੇਨਿੰਗ ਹੁੰਦੀ ਹੈ, ਉਂਝ ਹੀ ਇਹ ਫਿਜ਼ੀਕਲ ਟ੍ਰੇਨਿੰਗ ਦੇ ਨਾਂ ’ਤੇ ਯੂਥ ਨੂੰ ਟਰੇਨਿੰਗ ਦੇ ਰਹੇ ਸਨ ਅਤੇ ਆਪਣੇ ਪ੍ਰੋਪੇਗੰਡਾ ਰਾਹੀਂ ਬ੍ਰੇਨਵਾਸ਼ ਕਰ ਰਹੇ ਸਨ। ਓਧਰ ਏ. ਡੀ. ਜੀ. ਪੁਲਸ ਹੈੱਡਕੁਆਰਟਰ ਨੇ ਇਸ ਬਿਆਨ ਨੂੰ ਲੈ ਕੇ ਐੱਸ. ਐੱਸ. ਪੀ. ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।