ਕਾਸ਼ੀ ਸਦੀਆਂ ਤੋਂ ਗਿਆਨ ਅਤੇ ਅਧਿਆਤਮਿਕਤਾ ਦਾ ਕੇਂਦਰ : ਮੋਦੀ

Tuesday, Jun 13, 2023 - 02:45 PM (IST)

ਕਾਸ਼ੀ ਸਦੀਆਂ ਤੋਂ ਗਿਆਨ ਅਤੇ ਅਧਿਆਤਮਿਕਤਾ ਦਾ ਕੇਂਦਰ : ਮੋਦੀ

ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਸਮੂਹਕ ਕੋਸ਼ਿਸ਼ ਕਰਨ ਅਤੇ ਇਸ ਦੇ ਲਈ ਗਲੋਬਲ ਸਾਊਥ ਦੇ ਵਿਕਾਸਸ਼ੀਲ ਦੇਸ਼ਾਂ ਦੇ ਕਰਜ਼ਾ ਜੋਖਿਮਾਂ ਨੂੰ ਦੂਰ ਕਰਨ ਲਈ ਬਹੁ-ਪੱਖੀ ਵਿੱਤੀ ਸੰਸਥਾਨਾਂ ’ਚ ਸੁਧਾਰ ਕਰਨ ਦਾ ਸੋਮਵਾਰ ਨੂੰ ਸੱਦਾ ਦਿੱਤਾ।

ਮੋਦੀ ਨੇ ਇੱਥੇ ਜੀ-20 ਦੇਸ਼ਾਂ ਦੇ ਵਿਕਾਸ ਮਾਮਲਿਆਂ ਦੇ ਮੰਤਰੀਆਂ ਦੇ ਸੰਮੇਲਨ ਦੇ ਉਦਘਾਟਨੀ ਸਮਾਰੋਹ ’ਚ ਆਪਣੇ ਵੀਡੀਓ ਸੰਦੇਸ਼ ’ਚ ਇਹ ਸੱਦਾ ਦਿੱਤਾ। ਉਨ੍ਹਾਂ ਨੇ ਮਹਿਮਾਨ ਮੰਤਰੀਆਂ ਦਾ ਵਾਰਣਸੀ ’ਚ ਸਵਾਗਤ ਕਰਦੇ ਹੋਏ ਕਿਹਾ, ‘‘ਮੈਂ ਲੋਕਤੰਤਰ ਦੀ ਜਨਨੀ ਦੇ ਸਭ ਤੋਂ ਪੁਰਾਣੇ ਜ਼ਿੰਦਾ ਸ਼ਹਿਰ ’ਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ ਹਾਂ। ਇਹ ਜੀ-20 ਵਿਕਾਸ ਮਾਮਲਿਆਂ ਦੇ ਮੰਤਰੀਆਂ ਦੀ ਬੈਠਕ ਲਈ ਢੁੱਕਵਾਂ ਸਥਾਨ ਹੈ। ਕਾਸ਼ੀ ਸਦੀਆਂ ਤੋਂ ਗਿਆਨ, ਚਰਚਾ, ਵਾਦ-ਵਿਵਾਦ, ਸੱਭਿਆਚਾਰ ਅਤੇ ਅਧਿਆਤਮਿਕਤਾ ਦਾ ਕੇਂਦਰ ਰਿਹਾ ਹੈ। ਇਸ ’ਚ ਭਾਰਤ ਦੀ ਵੰਨ-ਸੁਵੰਨੀ ਵਿਰਾਸਤ ਦਾ ਸਾਰ ਹੈ ਅਤੇ ਇਹ ਦੇਸ਼ ਦੇ ਸਾਰੇ ਹਿੱਸਿਆਂ ਦੇ ਲੋਕਾਂ ਲਈ ਇਕ ਕਨਵਰਜੈਂਸ ਬਿੰਦੂ ਦੇ ਰੂਪ ’ਚ ਕਾਰਜ ਕਰਦਾ ਹੈ। ਮੈਨੂੰ ਖੁਸ਼ੀ ਹੈ ਕਿ ਜੀ-20 ਵਿਕਾਸ ਦਾ ਏਜੰਡਾ ਕਾਸ਼ੀ ਤੱਕ ਵੀ ਪਹੁੰਚ ਗਿਆ ਹੈ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਸਾਊਥ ਲਈ ਵਿਕਾਸ ਇਕ ਮੁੱਖ ਮੁੱਦਾ ਹੈ। ਗਲੋਬਲ ਸਾਊਥ ਦੇ ਦੇਸ਼ ਕੌਮਾਂਤਰੀ ਮਹਾਮਾਰੀ ਕੋਵਿਡ ਨਾਲ ਪੈਦਾ ਵਿਵਸਥਾਵਾਂ ਤੋਂ ਗੰਭੀਰ ਰੂਪ ’ਚ ਪ੍ਰਭਾਵਿਤ ਸਨ ਅਤੇ ਭੂ-ਸਿਆਸੀ ਤਣਾਅ ਕਾਰਨ ਖੁਰਾਕ, ਈਂਧਨ ਅਤੇ ਖਾਦ ਸੰਕਟ ਨੇ ਇਕ ਹੋਰ ਝਟਕਾ ਦਿੱਤਾ ਹੈ। ਅਜਿਹੇ ਹਾਲਾਤਾਂ ’ਚ ਤੁਹਾਡੇ ਵੱਲੋਂ ਲਏ ਗਏ ਫ਼ੈਸਲੇ ਪੂਰੀ ਮਨੁੱਖਤਾ ਲਈ ਬਹੁਤ ਮਾਅਇਨੇ ਰੱਖਦੇ ਹਨ। ਉਨ੍ਹਾਂ ਕਿਹਾ, ‘‘ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਟਿਕਾਊ ਵਿਕਾਸ ਟੀਚਿਆਂ ਨੂੰ ਪਿੱਛੇ ਨਾ ਆਉਣ ਦੇਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਪਿੱਛੇ ਨਾ ਰਹੇ। ਇਸ ਸਮੂਹ ਲਈ ਦੁਨੀਆ ਨੂੰ ਇਕ ਮਜ਼ਬੂਤ ਸੁਨੇਹਾ ਦੇਣਾ ਲਾਜ਼ਮੀ ਹੈ ਕਿ ਇਸ ਨੂੰ ਹਾਸਲ ਕਰਨ ਲਈ ਸਾਡੇ ਕੋਲ ਇਕ ਕਾਰਜ ਯੋਜਨਾ ਹੈ।’’

ਉਨ੍ਹਾਂ ਕਿਹਾ, ‘‘ਭਾਰਤ ’ਚ, ਅਸੀਂ ਵਿਕਾਸ ’ਚ ਪੱਛੜੇ 100 ਤੋਂ ਵੱਧ ਅਭਿਲਾਸ਼ੀ ਜ਼ਿਲਿਆਂ ’ਚ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਸਾਡਾ ਤਜ਼ਰਬਾ ਦੱਸਦਾ ਹੈ ਕਿ ਉਹ ਹੁਣ ਦੇਸ਼ ’ਚ ਵਿਕਾਸ ਦੇ ਉਤਪ੍ਰੇਰਕ ਦੇ ਰੂਪ ’ਚ ਉਭਰੇ ਹਾਂ। ਮੈਂ ਜੀ-20 ਵਿਕਾਸ ਮੰਤਰੀਆਂ ਨੂੰ ਵਿਕਾਸ ਦੇ ਇਸ ਮਾਡਲ ਦਾ ਅਧਿਐਨ ਕਰਨ ਦੀ ਅਪੀਲ ਕਰਦਾ ਹਾਂ। ਇਹ ਸਬੰਧਤ ਹੋ ਸਕਦਾ ਹੈ, ਕਿਉਂਕਿ ਤੁਸੀਂ ਏਜੰਡਾ 2030 ਨੂੰ ਰਫ਼ਤਾਰ ਦੇਣ ਦੀ ਦਿਸ਼ਾ ’ਚ ਕੰਮ ਕਰ ਰਹੇ ਹੋ।’’

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਾਹਮਣੇ ਅਹਿਮ ਮੁੱਦਿਆਂ ’ਚੋਂ ਇਕ ‘ਡਾਟਾ ਵੰਡ’ ਦਾ ਲਗਾਤਾਰ ਵਧਣਾ ਹੈ। ਸਾਰਥਕ ਨੀਤੀ ਨਿਰਮਾਣ, ਕੁਸ਼ਲ ਸਰੋਤ ਵੰਡ ਅਤੇ ਪ੍ਰਭਾਵੀ ਜਨਤਕ ਸੇਵਾ ਵੰਡ ਲਈ ਉੱਚ-ਗੁਣਵੱਤਾ ਵਾਲਾ ਡਾਟਾ ਅਹਿਮ ਹੈ। ਡਾਟਾ ਵੰਡ ਨੂੰ ਘਟਾਉਣ ’ਚ ਮਦਦ ਕਰਨ ਲਈ ਤਕਨਾਲੋਜੀ ਦਾ ਲੋਕਤੰਤਰੀਕਰਨ ਇਕ ਅਹਿਮ ਉਪਕਰਣ ਹੈ। ਭਾਰਤ ’ਚ, ਡਿਜੀਟਲੀਕਰਨ ਨੇ ਇਕ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਤਕਨਾਲੋਜੀ ਦੀ ਵਰਤੋਂ ਲੋਕਾਂ ਨੂੰ ਮਜ਼ਬੂਤ ਬਣਾਉਣ, ਡਾਟਾ ਨੂੰ ਆਸਾਨ ਬਣਾਉਣ ਅਤੇ ਸ਼ਮੂਲੀਅਤ ਯਕੀਨੀ ਬਣਾਉਣ ਲਈ ਇਕ ਉਪਕਰਣ ਦੇ ਰੂਪ ’ਚ ਕੀਤੀ ਜਾ ਰਹੀ ਹੈ। ਭਾਰਤ ਭਾਈਵਾਲ ਦੇਸ਼ਾਂ ਨਾਲ ਆਪਣੇ ਤਜ਼ਰਬੇ ਸਾਂਝਾ ਕਰਨ ਦਾ ਚਾਹਵਾਨ ਹੈ।’’


author

Rakesh

Content Editor

Related News