PM ਮੋਦੀ ਦੀ ਅਗਵਾਈ ’ਚ ਭਾਰਤ ਕੋਰੋਨਾ ਖ਼ਿਲਾਫ਼ ਲੜਾਈ ’ਚ ਸਫ਼ਲ ਰਾਸ਼ਟਰ ਬਣਿਆ: ਅਨਿਲ
Sunday, Dec 26, 2021 - 05:33 PM (IST)
ਚੰਡੀਗੜ੍ਹ/ਹਰਿਆਣਾ (ਵਾਰਤਾ)— ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਕੋਰੋਨਾ ਖ਼ਿਲਾਫ਼ ਲੜਾਈ ਵਿਚ ਸਫ਼ਲ ਰਾਸ਼ਟਰ ਬਣਿਆ ਹੈ। ਵਿਜ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਨ ਹਨ, ਸਾਰੇ ਭਾਰਤੀਆਂ ਦਾ ਖ਼ਿਆਲ ਰੱਖਦੇ ਹਨ। ਉਨ੍ਹਾਂ ਨੇ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ, ਸਾਰੇ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਬੂਸਟਰ ਖ਼ੁਰਾਕ ਦਾ ਐਲਾਨ ਕੀਤਾ ਹੈ। ਵਿਜ ਨੇ ਕਿਹਾ ਕਿ ਹਰਿਆਣਾ ’ਚ ਵੀ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਟੀਕਾਕਰਨ ਦੀ ਰਫ਼ਤਾਰ ਨੂੰ ਲਗਾਤਾਰ ਵਧਾਇਆ ਜਾਵੇਗਾ ਅਤੇ ਸਾਰੇ ਯੋਗ ਲੋਕਾਂ ਨੂੰ ਕੋਵਿਡ ਦੀ ਵੈਕਸੀਨ ਲਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 1 ਜਨਵਰੀ ਤੋਂ ਬਾਅਦ ਜਿਸ ਵਿਅਕਤੀ ਨੂੰ ਕੋਵਿਡ ਦੇ ਦੋਵੇਂ ਟੀਕੇ ਨਹੀਂ ਲੱਗੇ ਹੋਣਗੇ, ਉਨ੍ਹਾਂ ਨੂੰ ਕਿਸੇ ਜਨਤਕ ਥਾਂ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੀ ਬਕਾਇਅਦਾ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤਾਂ ਕਾਨੂੰਨ ਤਹਿਤ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਹੁਣ ਕਿਸੇ ਵੀ ਸਮਾਰੋਹ ਵਿਚ 200 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ ਅਤੇ ਇਸ ਨਿਯਮ ਦੀ ਨਿਯਮਿਤ ਜਾਂਚ ਵੀ ਕੀਤੀ ਜਾਵੇਗੀ। ਜੇਕਰ ਕੋਈ ਉਲੰਘਣ ਕਰੇਗਾ ਤਾਂ ਨਿਯਮ ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੁਣ ਲੋਕ ਟੀਕਾਕਰਨ ਕਰਵਾਉਣ ਲਈ ਖ਼ੁਦ ਹੀ ਅੱਗੇ ਆ ਰਹੇ ਹਨ।