PM ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ

Tuesday, Sep 13, 2022 - 06:01 PM (IST)

PM ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ

ਰਿਆਜ਼ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਰਾਸ਼ਟਰੀ ਦਿਵਸ ਤੋਂ ਪਹਿਲਾਂ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਇਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜਲਦੀ ਹੀ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਭਾਰਤੀ ਦੂਤਘਰ ਨੇ ਜਾਰੀ ਬਿਆਨ 'ਚ ਕਿਹਾ ਕਿ ਵਿਦੇਸ਼ ਮੰਤਰੀ ਦੇ ਤੌਰ 'ਤੇ ਸਾਊਦੀ ਅਰਬ ਦੀ ਪਹਿਲੀ ਅਧਿਕਾਰਤ ਯਾਤਰਾ ਕਰਨ ਵਾਲੇ ਐੱਸ. ਜੈਸ਼ੰਕਰ ਨੇ ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ ਅਤੇ ਰਾਜਨੀਤਿਕ, ਵਪਾਰ, ਊਰਜਾ, ਰੱਖਿਆ ਅਤੇ ਸੁਰੱਖਿਆ ਸਮੇਤ ਸਾਰੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਐਤਵਾਰ ਨੂੰ ਜੇਦਾਹ ਵਿੱਚ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਲਿਖਤੀ ਸੰਦੇਸ਼ ਸੌਂਪਿਆ। ਸੰਦੇਸ਼ ਵਿੱਚ 23 ਸਤੰਬਰ ਨੂੰ ਸਾਊਦੀ ਅਰਬ ਦੇ ਰਾਸ਼ਟਰੀ ਦਿਵਸ 'ਤੇ ਵਧਾਈ ਦਿੱਤੀ ਗਈ ਹੈ ਅਤੇ ਕ੍ਰਾਊਨ ਪ੍ਰਿੰਸ ਨੂੰ ਜਲਦੀ ਹੀ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਹੈ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਫਰਵਰੀ 2019 ਵਿੱਚ ਭਾਰਤ ਦਾ ਆਪਣਾ ਪਹਿਲਾ ਸਰਕਾਰੀ ਦੌਰਾ ਕੀਤਾ ਸੀ।

'ਸਾਊਦੀ ਪ੍ਰੈੱਸ ਏਜੰਸੀ' ਦੀ ਖ਼ਬਰ ਮੁਤਾਬਕ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਮੌਕਿਆਂ ਦੇ ਨਾਲ-ਨਾਲ ਤਾਜ਼ਾ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਹੋਈ। ਇਸ ਤੋਂ ਪਹਿਲਾਂ ਐਤਵਾਰ ਨੂੰ ਰਿਆਜ਼ ਵਿੱਚ ਜੈਸ਼ੰਕਰ ਨੇ ਆਪਣੇ ਸਾਊਦੀ ਹਮਰੁਤਬਾ ਪ੍ਰਿੰਸ ਫੈਜ਼ਲ ਬਿਨ ਫਰਹਾਨ ਨਾਲ ਗੱਲਬਾਤ ਕੀਤੀ ਅਤੇ ਮੌਜੂਦਾ ਗਲੋਬਲ ਸਿਆਸੀ ਅਤੇ ਆਰਥਿਕ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਨੇ ਜੀ-20 ਅਤੇ ਹੋਰ ਬਹੁਪੱਖੀ ਸੰਗਠਨਾਂ ਵਿੱਚ ਮਿਲ ਕੇ ਕੰਮ ਕਰਨ ਲਈ ਵੀ ਸਹਿਮਤੀ ਪ੍ਰਗਟਾਈ।


author

cherry

Content Editor

Related News