ਪੀ. ਐੱਮ. ਮੋਦੀ ਬੋਲੇ— ਏਅਰ ਸਟ੍ਰਾਈਕ ਕਾਰਨ ਰੋਣ ਲੱਗਾ ਹੈ ਪਾਕਿਸਤਾਨ
Saturday, Mar 09, 2019 - 03:45 PM (IST)

ਨੋਇਡਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਗ੍ਰੇਟਰ ਨੋਇਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੋਦੀ ਨੇ ਨੋਇਡਾ ਸਿਟੀ ਸੈਂਟਰ-ਨੋਇਡਾ ਇਲੈਕਟ੍ਰਾਨਿਕ ਸਿਟੀ ਮੈਟਰੋ ਦਾ ਉਦਘਾਟਨ ਕੀਤਾ। ਮੋਦੀ ਨੇ ਇੱਥੇ ਜਨ ਸਭਾ ਨੂੰ ਵੀ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਮੋਦੀ ਨੇ ਏਅਰ ਸਟ੍ਰਾਈਕ ਦੇ ਬਹਾਨੇ ਪਾਕਿਸਤਾਨ ਅਤੇ ਏਅਰ ਸਟ੍ਰਾਈਕ 'ਤੇ ਸਬੂਤ ਮੰਗਣ ਵਾਲਿਆਂ 'ਤੇ ਜਮ ਕੇ ਹਮਲਾ ਬੋਲਿਆ। ਮੋਦੀ ਨੇ ਕਿਹਾ ਕਿ ਤੁਸੀਂ ਇੱਥੇ ਮੋਦੀ-ਮੋਦੀ ਕਰ ਰਹੇ ਹੋ ਅਤੇ ਉੱਥੇ ਕੁਝ ਲੋਕਾਂ ਦੀ ਨੀਂਦ ਹਰਾਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਹੇਠਾਂ ਸਰਹੱਦ 'ਤੇ ਸਜਾਵਟ ਕੀਤੀ ਅਤੇ ਅਸੀਂ ਉੱਪਰ ਤੋਂ ਚਲੇ ਗਏ। ਸਾਡੇ ਵੀਰਾਂ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਮਾਰਿਆ।
ਪੀ. ਐੱਮ. ਮੋਦੀ ਨੇ ਅੱਗੇ ਕਿਹਾ ਕਿ 26 ਨਵੰਬਰ 2008 ਨੂੰ ਮੁੰਬਈ ਵਿਚ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਅੱਤਵਾਦੀ ਹਮਲਾ ਕੀਤਾ ਸੀ। ਸਾਰੇ ਸਬੂਤ ਪਾਕਿਸਤਾਨ ਵਿਚ ਬੈਠੇ ਅੱਤਵਾਦ ਦੇ ਸਰਗਨਾ ਵੱਲ ਜਾ ਰਹੇ ਸਨ। ਪਰ ਭਾਰਤ ਨੇ ਕੀ ਕੀਤਾ, ਪਾਕਿਸਤਾਨ ਨੂੰ ਕਿਵੇਂ ਜਵਾਬ ਦਿੱਤਾ? ਖਬਰਾਂ ਤਾਂ ਇਹ ਵੀ ਹਨ ਕਿ ਉਸ ਸਮੇਂ ਵੀ ਸਾਡੀ ਹਵਾਈ ਫੌਜ ਨੇ ਕਿਹਾ ਸੀ ਕਿ ਸਾਨੂੰ ਖੁੱਲ੍ਹੀ ਛੋਟ ਦਿਉ ਪਰ ਸਾਡੇ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਛੋਟ ਨਹੀਂ ਦਿੱਤੀ ਗਈ। ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਕਿਹਾ ਗਿਆ ਕਿ ਅੱਤਵਾਦ ਦਾ ਮੁਕਾਬਲਾ ਕਰੋ। ਕੀ ਇਸ ਤਰ੍ਹਾਂ ਦੇਸ਼ ਦੀ ਸੁਰੱਖਿਆ ਹੁੰਦੀ ਹੈ, ਕੀ ਦੇਸ਼ ਦੇ ਦੁਸ਼ਮਣ ਨਾਲ ਅਜਿਹੀ ਨਰਮੀ ਦਿਖਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਏਅਰ ਸਟ੍ਰਾਈਕ 'ਤੇ ਪਾਕਿਸਤਾਨ ਰੋ ਰਿਹਾ ਹੈ ਅਤੇ ਇੱਥੇ ਲੋਕ ਉਸ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਤੋਂ ਬਾਅਦ ਅੱਤਵਾਦ ਦੇ ਸਰਗਨਿਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਇਹ ਪੁਰਾਣਾ ਭਾਰਤ ਨਹੀਂ ਹੈ। ਦੇਸ਼ ਦੇ ਵੀਰ ਜਵਾਨ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਜਵਾਬ ਦੇ ਰਹੇ ਹਨ। ਦੇਸ਼ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਮੋਦੀ ਨੇ ਕਿਹਾ ਕਿ ਵੀਰ ਜਵਾਨ ਆਪਣਾ ਕੰਮ ਕਰ ਰਹੇ ਹਨ। ਨਾਗਰਿਕ ਦੇ ਤੌਰ 'ਤੇ ਸਾਨੂੰ ਵੀ ਚੌਕਸ ਰਹਿਣਾ ਹੋਵੇਗਾ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।