PM ਮੋਦੀ ਨੇ ਆਪਣੀ ਸਕ੍ਰਿਪਟ ਖੁਦ ਲਿਖੀ
Sunday, Nov 03, 2024 - 01:03 PM (IST)
ਨਵੀਂ ਦਿੱਲੀ- ਦੁਨੀਆ ਭਰ ਦੇ ਹਿੰਦੂਆਂ ਲਈ ਸਭ ਤੋਂ ਵੱਧ ਪੂਜਨੀਕ ਦੀਵਾਲੀ ਦਾ ਤਿਉਹਾਰ 2014 ’ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲੁਟੀਅਨਜ਼ ਦਿੱਲੀ ਕਦੇ ਵੀ ਪਹਿਲਾਂ ਵਰਗਾ ਨਹੀਂ ਰਿਹਾ। ਦੀਵਾਲੀ ਮਨਾਉਣ ਲਈ ਸਕ੍ਰਿਪਟ ਉਨ੍ਹਾਂ ਖੁਦ ਹੀ ਲਿਖੀ ਸੀ। ਦੀਵਾਲੀ ਵਾਲੇ ਦਿਨ ਉਹ ਚੁੱਪਚਾਪ ਸਰਹੱਦਾਂ ’ਤੇ ਤਾਇਨਾਤ ਜਵਾਨਾਂ ਕੋਲ ਰਹਿਣ ਲਈ ਰਾਜਧਾਨੀ ਤੋਂ ਬਾਹਰ ਚਲੇ ਜਾਂਦੇ ਹਨ। ਉਨ੍ਹਾਂ 2014 ’ਚ ਸਿਆਚਿਨ ਵਿਖੇ ਸੁਰੱਖਿਆ ਫੋਰਸਾਂ ਨਾਲ ਦੀਵਾਲੀ ਮਨਾ ਕੇ ਇਕ ਨਵੀਂ ਪਰੰਪਰਾ ਸ਼ੁਰੂ ਕੀਤੀ ਸੀ।
ਉਨ੍ਹਾਂ ਉਸ ਸਮੇਂ ਟਵੀਟ ਕੀਤਾ ਸੀ ਕਿ ਸਿਆਚਿਨ ਗਲੇਸ਼ੀਅਰ ਦੀਆਂ ਬਰਫੀਲੀਆਂ ਚੋਟੀਆਂ ਤੋਂ ਹਥਿਆਰਬੰਦ ਫੌਜਾਂ ਦੇ ਬਹਾਦਰ ਜਵਾਨਾਂ ਤੇ ਅਧਿਕਾਰੀਆਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਅਗਲੇ ਸਾਲ ਉਨ੍ਹਾਂ 1965 ਦੀ ਜੰਗ ’ਚ ਭਾਰਤੀ ਫੌਜ ਦੀ ਸਫਲਤਾ ਦਾ ਸਨਮਾਨ ਕਰਨ ਲਈ ਪੰਜਾਬ ’ਚ ਤਿੰਨ ਯਾਦਗਾਰਾਂ ਦਾ ਦੌਰਾ ਕੀਤਾ। 2016 ’ਚ ਉਹ ਦੀਵਾਲੀ ਮਨਾਉਣ ਲਈ ਹਿਮਾਚਲ ਪ੍ਰਦੇਸ਼ ਗਏ ਜਿੱਥੇ ਉਹ ਚੀਨ ਦੀ ਸਰਹੱਦ ਨੇੜੇ ਜਵਾਨਾਂ ਨਾਲ ਰਹੇ।
ਉਨ੍ਹਾਂ ਸੁਮਦੋਹ ਵਿਖੇ ਫੌਜ ਦੇ ਜਵਾਨਾਂ, ਇੰਡੋ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਅਤੇ ਡੋਗਰਾ ਸਕਾਊਟਸ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਚਾਂਗੋ ਨਾਮੀ ਇਕ ਪਿੰਡ ਕੋਲ ਅਚਾਨਕ ਰੁਕੇ। 2017 ’ਚ ਮੋਦੀ ਨੇ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਟਰ ਦਾ ਦੌਰਾ ਕੀਤਾ। ਉਨ੍ਹਾਂ ਉੱਤਰਾਖੰਡ ਦੇ ਹਰਸ਼ਿਲ ਅਤੇ ਪ੍ਰਸਿੱਧ ਕੇਦਾਰਨਾਥ ਧਾਮ ਵਿਖੇ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ। ਬਾਅਦ ਦੇ ਸਾਲਾਂ ’ਚ ਵੀ ਇਹੀ ਕਹਾਣੀ ਦੁਹਰਾਈ ਜਾਂਦੀ ਰਹੀ ਜਦੋਂ ਉਨ੍ਹਾਂ ਇਕ ਤੋਂ ਬਾਅਦ ਇਕ ਸੂਬੇ ’ਚ ਜਵਾਨਾਂ ਨਾਲ ਦੀਵਾਲੀ ਮਨਾਈ।
2022 ’ਚ ਉਹ ਕਾਰਗਿਲ ਵਿਖੇ ਜਵਾਨਾਂ ਨਾਲ ਸਨ ਜਿੱਥੇ ਉਨ੍ਹਾਂ 1999 ਦੀ ਕਾਰਗਿਲ ਜੰਗ ’ਚ ਆਪਣੀਆਂ ਜਾਨਾਂ ਗੁਆਉਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। 2023 ’ਚ ਉਹ ਹਿਮਾਚਲ ਪ੍ਰਦੇਸ਼ ਦੇ ਲੇਪਚਾ ’ਚ ਗਏ। 2024 ਸ਼ਾਇਦ ਇਸ ਪੱਖੋਂ ਵੱਖਰਾ ਸੀ ਕਿਉਂਕਿ ਉਨ੍ਹਾਂ 22 ਜਨਵਰੀ, 2024 ਨੂੰ ਪੀ. ਐੱਮ. ਓ. ’ਚ ਦੀਵਾਲੀ ਮਨਾਈ ਤੇ ‘ਰਾਮ ਜਯੋਤੀ’ ਸਿਰਲੇਖ ਹੇਠ ‘ਐਕਸ’ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਦੀਵੇ ਜਗਾਉਣ ਦਾ ਮਕਸਦ ਇਹ ਦਰਸਾਉਣਾ ਸੀ ਕਿ 14 ਸਾਲ ਦੇ ਬਨਵਾਸ ਤੋਂ ਬਾਅਦ ਭਗਵਾਨ ਰਾਮ ਦਾ ਲੋਕਾਂ ਨੇ ਕਿਵੇਂ ਸਵਾਗਤ ਕੀਤਾ ਸੀ। ਉਨ੍ਹਾਂ ਦੀਵਾਲੀ ਦਾ ਤਿਉਹਾਰ ਜਲਦੀ ਮਨਾਉਣ ਲਈ ਸ਼ਾਮ ਨੂੰ ਆਪਣੀ ਸਰਕਾਰੀ ਰਿਹਾਇਸ਼ ਵਿਖੇ ਦੀਵੇ ਜਗਾਏ। ਫਿਰ ਅਚਾਨਕ ਸਰਹੱਦ ’ਤੇ ਮੌਜੂਦ ਜਵਾਨਾਂ ਨੂੰ ਮਿਲਣ ਲਈ ਕੱਛ ਚਲੇ ਗਏ।