ਪ੍ਰਧਾਨ ਮੰਤਰੀ ਮੋਦੀ ਨੇ ਜਾਂਬੀਆ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

Wednesday, Aug 21, 2019 - 07:09 PM (IST)

ਪ੍ਰਧਾਨ ਮੰਤਰੀ ਮੋਦੀ ਨੇ ਜਾਂਬੀਆ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਂਬੀਆ ਦੇ ਰਾਸ਼ਟਰਪਤੀ ਐਡਗਰ ਲੂੰਗੂ ਨੇ ਬੁੱਧਵਾਰ ਨੂੰ ਦੋਵਾਂ ਦੇਸ਼ਾਂ ਦੇ ਸਬੰਧ ਵਿਚ ਵੱਖ-ਵੱਖ ਪਹਿਲੂਆਂ ’ਤੇ ਵਿਆਪਕ ਅਤੇ ਉਪਯੋਗੀ ਚਰਚਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੱਖਿਆ ਸਮੇਤ ਕਾਰੋਬਾਰ, ਨਿਵੇਸ਼ ਸਬੰਧਾਂ ਨੂੰ ਹੋਰ ਵਧਾਉਣ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਯਾਤਰਾ ’ਤੇ ਆਏ ਜਾਂਬੀਆ ਦੇ ਰਾਸ਼ਟਰਪਤੀ ਲੂੰਗੂ ਦੇ ਨਾਲ ਵੱਖ-ਵੱਖ ਪਹਿਲੂਆਂ ’ਤੇ ਵਿਆਪਕ ਚਰਚਾ ਕੀਤੀ। ਦੋਵਾਂ ਦੇਸ਼ਾਂ ਨੇ ਰੱਖਿਆ ਸਹਿਯੋਗ, ਖਨਨ ਸਮੇਤ ਚੋਣ ਕਮਿਸ਼ਨਾਂ ਵਿਚਾਲੇ ਸਹਿਯੋਗ ਵਧਾਉਣ ਨੂੰ ਲੈ ਕੇ ਸਹਿਮਤੀ ਪੱਤਰ ’ਤੇ ਦਸਤਖਤ ਵੀ ਕੀਤੇ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ ਸੰਬੋਧਨ ਵਿਚ ਕਿਹਾ ਕਿ ਜਾਂਬੀਆ ਖਣਿਜਾਂ ਨਾਲ ਭਰਿਆ ਹੋਇਆ ਦੇਸ਼ ਹੈ। ਹੋਰਨਾਂ ਖਣਿਜਾਂ ਤੋਂ ਇਲਾਵਾ ਭਾਰਤ ਜਾਂਬੀਆ ਤੋਂ ਵੱਡੀ ਮਾਤਰਾ ਵਿਚ ਤਾਂਬਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਖਣਿਜ ਸਾਧਨਾਂ ’ਤੇ ਸਹਿਮਤੀ ਪੱਤਰ (ਐੱਮ. ਓ. ਯੂ.) ਖਨਨ ਦੇ ਖੇਤਰ ਵਿਚ ਸਾਡੇ ਸਹਿਯੋਗ ਨੂੰ ਹੋਰ ਵਧਾਏਗਾ। ਇਸ ਨਾਲ ਖਣਿਜ ਸਾਧਨਾਂ ਦੀ ਖੋਜ ਅਤੇ ਉਨ੍ਹਾਂ ਨੂੰ ਕੱਢਣ ਦੀ ਰੂਪ-ਰੇਖਾ ਤਿਆਰ ਕੀਤੀ ਜਾਏਗੀ। ਮੋਦੀ ਨੇ ਕਿਹਾ ਕਿ ਰੱਖਿਆ ਸਹਿਯੋਗ ’ਤੇ ਵੀ ਅੱਜ ਇਕ ਮਹੱਤਵਪੂਰਨ ਸਹਿਮਤੀ ਪੱਤਰ ’ਤੇ ਦਸਤਖਤ ਹੋਏ ਹਨ।


author

Inder Prajapati

Content Editor

Related News