ਭਾਰਤ ਦੇ ਅੰਦਰ ਅਤੇ ਬਾਹਰ ਕੁਝ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ''ਚ ਜੁੱਟੀਆਂ: PM ਮੋਦੀ
Thursday, Oct 31, 2024 - 11:27 AM (IST)
ਏਕਤਾ ਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦੇ ਅੰਦਰ ਅਤੇ ਬਾਹਰ ਕੁਝ ਤਾਕਤਾਂ ਦੇਸ਼ ਨੂੰ ਅਸਥਿਰ ਕਰਨ ਅਤੇ ਦੁਨੀਆ 'ਚ ਇਸ ਦੀ ਨਕਾਰਾਤਮਕ ਤਸਵੀਰ ਬਣਾਉਣ ਲਈ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਏਕਤਾ ਨਗਰ 'ਚ 'ਸਟੈਚੂ ਆਫ਼ ਯੂਨਿਟੀ' ਦੇ ਨੇੜੇ ਇਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। 2014 ਤੋਂ ਸਰਦਾਰ ਪਟੇਲ ਦੀ ਜਯੰਤੀ 31 ਅਕਤੂਬਰ ਨੂੰ 'ਰਾਸ਼ਟਰੀ ਏਕਤਾ ਦਿਵਸ' ਵਜੋਂ ਮਨਾਈ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ 'ਸ਼ਹਿਰੀ ਨਕਸਲੀਆਂ' ਦੇ ਇਸ ਗਠਜੋੜ ਨੂੰ ਪਛਾਣਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੋਕ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਜੰਗਲਾਂ 'ਚ ਨਕਸਲਵਾਦ ਖ਼ਤਮ ਹੋ ਰਿਹਾ ਹੈ, ਸ਼ਹਿਰੀ ਨਕਸਲਵਾਦੀਆਂ ਦਾ ਇਕ ਨਵਾਂ ਮਾਡਲ ਸਾਹਮਣੇ ਆ ਰਿਹਾ ਹੈ। ਅੱਜ ਸ਼ਹਿਰੀ ਨਕਸਲਵਾਦੀ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ, ਜੋ ਕਹਿੰਦੇ ਹਨ ਕਿ ਜੇਕਰ ਤੁਸੀਂ ਇਕਮੁੱਠ ਰਹੋਗੇ, ਤਾਂ ਤੁਸੀਂ ਸੁਰੱਖਿਅਤ ਰਹੋਗੇ। ਸਾਨੂੰ ਸ਼ਹਿਰੀ ਨਕਸਲਵਾਦੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਬੇਨਕਾਬ ਕਰਨਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅਗਲੇ ਦੋ ਸਾਲਾਂ ਤੱਕ ਪਟੇਲ ਦੀ 150ਵੀਂ ਜਯੰਤੀ ਮਨਾਏਗਾ। ਸਾਡਾ ਦੇਸ਼ 'ਇਕ ਰਾਸ਼ਟਰ, ਇਕ ਧਰਮ ਨਿਰਪੱਖ ਸਿਵਲ ਕੋਡ' ਨੂੰ ਲਾਗੂ ਕਰਨ ਵੱਲ ਵਧ ਰਿਹਾ ਹੈ, ਜਿਸ ਨਾਲ ਸਾਡਾ ਦੇਸ਼ ਮਜ਼ਬੂਤ ਹੋਵੇਗਾ। ਅਸੀਂ 'ਇਕ ਰਾਸ਼ਟਰ, ਇਕ ਚੋਣ' ਪਹਿਲ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਨਾਲ ਸਾਡੇ ਦੇਸ਼ 'ਚ ਲੋਕਤੰਤਰ ਮਜ਼ਬੂਤ ਹੋਵੇਗਾ। 70 ਸਾਲਾਂ ਵਿਚ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪਿਛਲੇ 10 ਸਾਲਾਂ ਦੇ ਯਤਨਾਂ ਸਦਕਾ ਭਾਰਤ ਵਿਚ ਨਕਸਲਵਾਦ ਆਪਣੇ ਆਖਰੀ ਸਾਹ ਗਿਣ ਰਿਹਾ ਹੈ।