ਪੰਜਾਬ ਦੌਰੇ ਦੌਰਾਨ PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ
Thursday, Jan 06, 2022 - 11:54 AM (IST)
ਨਵੀਂ ਦਿੱਲੀ (ਕਮਲ ਕਾਂਸਲ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ’ਚ ਕੁਤਾਹੀ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਹੁਣ ਇਹ ਮਾਮਲਾ ਸੁਪਰੀਮ ਕੋਰਟ ਦੀ ਚੌਖਟ ਤੱਕ ਜਾ ਪੁੱਜਾ। ਪ੍ਰਧਾਨ ਮੰਤਰੀ ਮੋਦੀ ਸੁਰੱਖਿਆ ਵਿਚ ਕੁਤਾਹੀ ਮਾਮਲੇ ਨੂੰ ਚੀਫ਼ ਜਸਟਿਸ ਐੱਨ. ਵੀ. ਰੰਮਨਾ ਸਾਹਮਣੇ ਰੱਖਿਆ ਗਿਆ ਹੈ। ਚੀਫ਼ ਜਸਟਿਸ ਦੀ ਬੈਂਚ ਇਸ ਮਾਮਲੇ ’ਚ ਭਲਕੇ ਯਾਨੀ ਕਿ ਸ਼ੁੱਕਰਵਾਰ ਨੂੰ ਸੁਣਵਾਈ ਕਰ ਸਕਦੀ ਹੈ ਅਤੇ ਕੋਈ ਫੈਸਲਾ ਸੁਣਾ ਸਕਦੀ ਹੈ।
ਇਹ ਵੀ ਪੜ੍ਹੋ: PM ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ’ਚ ਅਣਗਹਿਲੀ, ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਜਾਣਕਾਰੀ ਮੁਤਾਬਕ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਇਸ ਮਾਮਲੇ ਨਾਲ ਜੁੜੀ ਇਕ ਪਟੀਸ਼ਨ ਸੁਪਰੀਮ ਕੋਰਟ ’ਚ ਦਾਇਰ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਪਟੀਸ਼ਨ ’ਚ ਵਕੀਲ ਮਨਿੰਦਰ ਨੇ ਪੰਜਾਬ ਸਰਕਾਰ ਨੂੰ ਉੱਚਿਤ ਨਿਰਦੇਸ਼ ਦੇਣ, ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਇਸ ਤਰ੍ਹਾਂ ਦੀ ਅਣਗਹਿਲੀ ਨੂੰ ਰੋਕਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਬਠਿੰਡਾ ਹਵਾਈ ਅੱਡੇ ’ਤੇ ਅਧਿਕਾਰੀਆਂ ਨੂੰ ਬੋਲੇ PM ਮੋਦੀ- CM ਨੂੰ ਧੰਨਵਾਦ ਕਹਿਣਾ ਕਿ ਮੈਂ ਜ਼ਿੰਦਾ ਪਰਤ ਆਇਆ
ਦੱਸ ਦੇਈਏ ਕਿ ਬੀਤੇ ਕੱਲ ਯਾਨੀ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਦੇ ਫਿਰੋਜ਼ਪੁਰ ’ਚ 42,750 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਸੀ ਪਰ ਇਕ ਫਲਾਈਓਵਰ ’ਤੇ ਪ੍ਰਦਰਸ਼ਕਾਰੀਆਂ ਵਲੋਂ ਰਾਹ ਰੋਕੇ ਜਾਣ ਕਾਰਨ 15-20 ਮਿੰਟ ਉਡੀਕ ਕਰਨ ਮਗਰੋਂ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰ ਦਿੱਲੀ ਵਾਪਸ ਪਰਤਣਾ ਪਿਆ। ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ। ਗ੍ਰਹਿ ਮੰਤਰਾਲਾ ਨੇ ਪੰਜਾਬ ਸਰਕਾਰ ਤੋਂ ਇਸ ਸੁਰੱਖਿਆ ਕੁਤਾਹੀ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਨੂੰ ਵੀ ਕਿਹਾ ਹੈ। ਮੰਤਰਾਲਾ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਅਤੇ ਯਾਤਰਾ ਦੀ ਯੋਜਨਾ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ : PM ਮੋਦੀ ਦੇ ਦੌਰੇ ਦੌਰਾਨ ਅਣਗਹਿਲੀ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਬਣਾਈ 'ਉੱਚ ਪੱਧਰੀ ਕਮੇਟੀ'
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ