ਗੁਜਰਾਤ 'ਚ PM ਮੋਦੀ ਦਾ ਕਾਂਗਰਸ 'ਤੇ ਹਮਲਾ, ਕਿਹਾ-'ਅੱਤਵਾਦ 'ਤੇ ਕਾਂਗਰਸ ਦੀ ਵਿਚਾਰਧਾਰਾ ਪਹਿਲਾਂ ਵਾਲੀ'
Sunday, Nov 27, 2022 - 09:35 PM (IST)
ਨੈਸ਼ਨਲ ਡੈਸਕ: 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਗੁਜਰਾਤ ਅਤੇ ਦੇਸ਼ ਨੂੰ ਕਾਂਗਰਸ ਅਤੇ ਉਸ ਵਰਗੀਆਂ ਪਾਰਟੀਆਂ ਤੋਂ ਚੌਕਸ ਰਹਿਣਾ ਹੋਵੇਗਾ ਜੋ ਆਪਣਾ ਵੋਟ ਬੈਂਕ ਸੁਰੱਖਿਅਤ ਕਰਨ ਲਈ ਵੱਡੇ ਅੱਤਵਾਦੀ ਹਮਲਿਆਂ 'ਤੇ ਚੁੱਪ ਰਹਿੰਦੇ ਹਨ। ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਕਈ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਅੱਤਵਾਦ ਨੂੰ ਸਫ਼ਲਤਾ ਦਾ ਇੱਕ "ਸ਼ਾਰਟਕੱਟ" ਮੰਨਦੀਆਂ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਤਹਿਤ ਇਕ ਤੇ ਪੰਜ ਦਸੰਬਰ ਨੂੰ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਅਜੇ ਅੱਤਵਾਦ ਖ਼ਤਮ ਨਹੀਂ ਹੋਇਆ ਹੈ ਅਤੇ ਕਾਂਗਰਸ ਦੀ ਰਾਜਨੀਤੀ ਨਹੀਂ ਬਦਲੀ ਹੈ। ਜਦੋਂ ਤੱਕ ਤੁਸ਼ਟੀਕਰਨ ਦੀ ਰਾਜਨੀਤੀ ਚੱਲਦੀ ਰਹੇਗੀ ਅੱਤਵਾਦ ਦਾ ਡਰ ਬਣਿਆ ਰਹੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਾਂਗਰਸ ਅੱਤਵਾਦ ਨੂੰ ਵੋਟ ਬੈਂਕ ਦੀ ਨਜ਼ਰ ਨਾਲ ਦੇਖਦੀ ਹੈ। ਸਿਰਫ ਕਾਂਗਰਸ ਹੀ ਨਹੀਂ, ਸਗੋਂ ਕਈ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਸਾਹਮਣੇ ਆਈਆਂ ਹਨ ਜੋ ਅੱਤਵਾਦ ਨੂੰ ਸਫ਼ਲਤਾ ਦੇ ਸ਼ਾਰਟਕੱਟ ਵਜੋਂ ਦੇਖਦੀਆਂ ਹਨ ਅਤੇ ਅਜਿਹੀਆਂ ਛੋਟੀਆਂ ਪਾਰਟੀਆਂ ਦੀ ਸੱਤਾ ਦੀ ਭੁੱਖ ਹੋਰ ਵੀ ਵੱਡੀ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਛੋਟੀ ਪਾਰਟੀ ਦਾ ਨਾਂ ਨਹੀਂ ਲਿਆ। ਮੋਦੀ ਨੇ ਕਿਹਾ ਜਦੋਂ ਵੱਡੇ ਅੱਤਵਾਦੀ ਹਮਲੇ ਹੁੰਦੇ ਹਨ ਤਾਂ ਇਹ ਪਾਰਟੀਆਂ ਆਪਣਾ ਮੂੰਹ ਬੰਦ ਰੱਖਦੀਆਂ ਹਨ ਤਾਂ ਜੋ ਉਨ੍ਹਾਂ ਦਾ ਵੋਟ ਬੈਂਕ ਨਾਰਾਜ਼ ਹੋ ਜਾਵੇ। ਉਹ ਅੱਤਵਾਦੀਆਂ ਨੂੰ ਬਚਾਉਣ ਲਈ ਪਿਛਲੇ ਦਰਵਾਜ਼ੇ ਰਾਹੀਂ ਅਦਾਲਤ ਵੀ ਜਾਂਦੇ ਹਨ।
ਮੋਦੀ ਨੇ ਕਿਹਾ ਜਦੋਂ ਬਾਟਲਾ ਹਾਊਸ ਐਨਕਾਊਂਟਰ ਹੋਇਆ ਤਾਂ ਇਕ ਕਾਂਗਰਸੀ ਨੇਤਾ ਅੱਤਵਾਦੀਆਂ ਦੇ ਸਮਰਥਨ ਵਿਚ ਰੋਣ ਲੱਗ ਪਿਆ ਸੀ। ਗੁਜਰਾਤ ਅਤੇ ਦੇਸ਼ ਨੂੰ ਅਜਿਹੀਆਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। 2008 ਵਿੱਚ ਦਿੱਲੀ 'ਚ ਹੋਏ ਇਸ ਮੁਕਾਬਲੇ ਵਿੱਚ ਬਾਟਲਾ ਹਾਊਸ ਦੇ ਇੱਕ ਫਲੈਟ ਵਿੱਚ ਲੁਕੇ ਦੋ ਅੱਤਵਾਦੀ ਮਾਰੇ ਗਏ ਸਨ ਅਤੇ ਇੱਕ ਪੁਲਿਸ ਅਧਿਕਾਰੀ ਦੀ ਵੀ ਮੌਤ ਹੋ ਗਈ ਸੀ। ਮੋਦੀ ਨੇ ਕਿਹਾ 2014 'ਚ ਤੁਹਾਡੀ ਇਕ ਵੋਟ ਨੇ ਅੱਤਵਾਦ ਖਿਲਾਫ਼ ਲੜਾਈ ਨੂੰ ਮਜ਼ਬੂਤ ਕੀਤਾ। ਹੁਣ ਆਪਣੇ ਸ਼ਹਿਰਾਂ 'ਚ ਅੱਤਵਾਦੀ ਹਮਲਿਆਂ ਨੂੰ ਭੁੱਲ ਜਾਓ, ਸਾਡੇ ਦੁਸ਼ਮਣ ਸਾਡੀ ਸਰਹੱਦ 'ਤੇ ਅਜਿਹੇ ਹਮਲੇ ਕਰਨ ਤੋਂ ਪਹਿਲਾਂ 100 ਵਾਰ ਸੋਚਦੇ ਹਨ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਭਾਰਤ ਉਨ੍ਹਾਂ ਨੂੰ ਘਰ 'ਚ ਜਾ ਕੇ ਮਾਰੇਗਾ। ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਉਸ ਵਰਗੀਆਂ ਪਾਰਟੀਆਂ ਨੇ ਸਰਜੀਕਲ ਸਟ੍ਰਾਈਕ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਸਮਰੱਥਾ 'ਤੇ ਸ਼ੰਕੇ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਅੱਤਵਾਦ ਨੂੰ ਹਲਕੇ 'ਚ ਲੈਂਦੇ ਹਨ, ਉਹ ਅੱਜ ਅੱਤਵਾਦ ਦੇ ਪੰਜੇ 'ਚ ਹਨ ਅਤੇ ਅੱਤਵਾਦ ਅਜੇ ਖ਼ਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਰਾਜਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਜਦਕਿ ਛੋਟੀਆਂ ਪਾਰਟੀਆਂ ਨੇ ਵੀ ਵੋਟ ਬੈਂਕ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਮੋਦੀ ਨੇ ਕਿਹਾ ਜਦੋਂ ਤੱਕ ਵੋਟ ਬੈਂਕ ਦੀ ਰਾਜਨੀਤੀ ਹੈ, ਅੱਤਵਾਦ ਦੇ ਮੁੜ ਸਿਰ ਚੁੱਕਣ ਦਾ ਡਰ ਰਹੇਗਾ। ਉਨ੍ਹਾਂ ਕਿਹਾ ਸਾਨੂੰ ਅੱਤਵਾਦ ਦੀ ਗੰਦੀ ਖੇਡ ਖੇਡਣ ਵਾਲਿਆਂ ਤੋਂ ਗੁਜਰਾਤ ਨੂੰ ਬਚਾਉਣਾ ਹੋਵੇਗਾ। ਇਹ ਇੱਕ ਲੰਬੀ ਲੜਾਈ ਹੈ ਅਤੇ ਸਾਨੂੰ ਤੁਹਾਡੇ ਸਮਰਥਨ ਦੀ ਲੋੜ ਹੈ। 26/11 ਦੇ ਮੁੰਬਈ ਅੱਤਵਾਦੀ ਹਮਲੇ ਦੀ 14ਵੀਂ ਬਰਸੀ ਤੋਂ ਇੱਕ ਦਿਨ ਬਾਅਦ ਮੋਦੀ ਨੇ ਕਿਹਾ ਮੈਂ ਵਿਛੜੀਆਂ ਰੂਹਾਂ ਲਈ ਪ੍ਰਾਰਥਨਾ ਕਰਦਾ ਹਾਂ। ਉਨ੍ਹਾਂ ਕਿਹੀ ਮੁੰਬਈ ਹਮਲਿਆਂ 'ਚ ਪਾਕਿਸਤਾਨ ਦੇ 10 ਅੱਤਵਾਦੀਆਂ ਨੇ ਕਈ ਥਾਵਾਂ 'ਤੇ ਹਮਲੇ ਕੀਤੇ ਸਨ, ਜਿਸ 'ਚ 166 ਲੋਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਗੁਜਰਾਤ 'ਚ ਵੀ ਅਹਿਮਦਾਬਾਦ ਅਤੇ ਸੂਰਤ 'ਚ ਇਕ ਤੋਂ ਬਾਅਦ ਇਕ ਬੰਬ ਧਮਾਕੇ ਹੋਏ ਅਤੇ ਕਈ ਲੋਕਾਂ ਦੀ ਜਾਨ ਚਲੀ ਗਈ। ਗੁਜਰਾਤ ਵਿੱਚ ਅਸੀਂ ਅੱਤਵਾਦੀਆਂ ਦੇ ਸਲੀਪਰ ਸੈੱਲਾਂ 'ਤੇ ਨਜ਼ਰ ਰੱਖੀ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਮੋਦੀ ਨੇ ਕਿਹਾ ਤਤਕਾਲੀ ਕੇਂਦਰ ਦੀ ਕਾਂਗਰਸ ਸਰਕਾਰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਿਰਫ਼ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਵਿੱਚ ਦਿਲਚਸਪੀ ਰੱਖਦੀ ਸੀ।
ਐਤਵਾਰ ਨੂੰ ਗੁਜਰਾਤ 'ਚ ਕਾਂਗਰਸ ਲਈ ਪ੍ਰਚਾਰ ਕਰ ਰਹੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ 'ਮੋਦੀ ਨੂੰ ਉਨ੍ਹਾਂ ਦੀ ਔਕਾਤ ਦਿਖਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ ਅੱਜ ਕਾਂਗਰਸ ਪ੍ਰਧਾਨ ਗੁਜਰਾਤ ਵਿੱਚ ਹਨ ਤੇ ਉਨ੍ਹਾਂ ਨੂੰ ਇੱਥੇ ਸੋਨੀਆ ਬੇਨ (ਸੋਨੀਆ ਗਾਂਧੀ) ਨੇ ਭੇਜਿਆ ਹੈ। ਉਨ੍ਹਾਂ ਇੱਥੇ ਆ ਕੇ ਕਿਹਾ ਕਿ ਉਹ ਮੋਦੀ ਨੂੰ ਉਨ੍ਹਾਂ ਦੀ ਔਕਾਤ ਦਿਖਾਉਣਗੇ। ਮੇਰਾ ਕੋਈ ਰੁਤਬਾ ਨਹੀਂ ਹੈ। ਮੈਂ ਇੱਕ ਆਮ ਆਦਮੀ ਵਾਂਗ ਪੈਦਾ ਹੋਇਆ ਸੀ। ਦੇਖਦੇ ਹਾਂ ਕਿ ਉਹ ਮੈਨੂੰ ਮੇਰੀ ਕੀਮਤ ਕਿਵੇਂ ਦਿਖਾਉਂਦਾ ਹੈ।