3 ਦੇਸ਼ਾਂ ਦੀ ਯਾਤਰਾ ਤੋਂ ਪਰਤਣ ਮਗਰੋਂ PM ਮੋਦੀ ਬੋਲੇ- ਹਰ ਪਲ ਦਾ ਇਸਤੇਮਾਲ ਦੇਸ਼ ਦੀ ਭਲਾਈ ਲਈ ਕੀਤਾ

05/25/2023 12:20:38 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਤਿੰਨ ਦੇਸ਼ਾਂ ਦੀ ਆਪਣੀ 6 ਦਿਨਾਂ ਯਾਤਰਾ ਦੌਰਾਨ ਉਨ੍ਹਾਂ ਨੇ ਹਰ ਪਲ ਦਾ ਇਸਤੇਮਾਲ ਭਾਰਤ ਦੀ ਭਲਾਈ ਲਈ ਕੀਤਾ। ਇਸ ਤੋਂ ਪਹਿਲਾਂ ਭਾਜਪਾ ਵਰਕਰਾਂ ਅਤੇ ਸਮਰਥਕਾਂ ਨੇ ਦੇਸ਼ ਪਰਤਣ 'ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪਾਲਮ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਲੋਕਾਂ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਵਿਦੇਸ਼ਾਂ ਵਿਚ ਭਾਰਤ ਅਤੇ ਇੱਥੋਂ ਦੇ ਲੋਕਾਂ ਦੀ ਤਾਕਤ ਬਾਰੇ ਆਤਮ ਵਿਸ਼ਵਾਸ ਨਾਲ ਬੋਲਦੇ ਹਨ ਅਤੇ ਦੁਨੀਆ ਸੁਣਦੀ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੇ ਪੂਰਨ ਬਹੁਮਤ ਦੀ ਸਰਕਾਰ ਚੁਣੀ ਹੈ। 

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਨੇਤਾ ਜਾਣਦੇ ਹਨ ਕਿ ਉਹ ਜੋ ਕਹਿੰਦੇ ਹਨ, ਉਹ ਭਾਰਤ ਦੇ 140 ਕਰੋੜ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੀਆਂ ਚੁਣੌਤੀਆਂ ਹਨ। ਨਾਲ ਹੀ ਭਾਰਤ ਨਵੀਆਂ ਉੱਚਾਈਆਂ 'ਤੇ ਪਹੁੰਚਣ ਦੀ ਦਿਸ਼ਾ 'ਚ ਵੀ ਕੰਮ ਕਰ ਰਿਹਾ ਹੈ, ਜਿਵੇਂ ਕਿ ਦੁਨੀਆ ਉਸ ਤੋਂ ਉਮੀਦ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ ਵੱਡੀਆਂ ਹਨ ਪਰ ਚੁਣੌਤੀਆਂ ਨੂੰ ਚੁਣੌਤੀ ਦੇਣਾ ਮੇਰੇ ਸੁਭਾਅ ਵਿਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਰਹਿੰਦੇ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ 'ਚ ਸਫ਼ਲ ਹੋਵੇਗੀ। ਦੇਸ਼ ਤੋਂ ਗਲੋਬਲ ਉਮੀਦਾਂ ਵੱਧ ਰਹੀਆਂ ਹਨ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਯਾਤਰਾ ਦੌਰਾਨ ਪ੍ਰਸ਼ਾਂਤ ਦੀਪ ਸਮੂਹ ਦੇਸ਼ਾਂ ਦੇ ਲੋਕਾਂ ਵਲੋਂ ਦਿੱਤੇ ਗਏ ਸਨਮਾਨ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਭੇਜੇ ਗਏ ਕੋਵਿਡ-19 ਟੀਕਿਆਂ ਲਈ ਇਨ੍ਹਾਂ ਦੇਸ਼ਾਂ ਨੇ ਭਾਰਤ ਪ੍ਰਤੀ ਧੰਨਵਾਦ ਵੀ ਜਤਾਇਆ। ਵਿਦੇਸ਼ਾਂ ਵਿਚ ਟੀਕੇ ਭੇਜਣ ਦੇ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਨ ਵਾਲਿਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਯਾਦ ਰੱਖੋ, ਇਹ ਬੁੱਧ ਦੀ ਭੂਮੀ ਹੈ, ਇਹ ਗਾਂਧੀ ਦੀ ਭੂਮੀ ਹੈ। ਅਸੀਂ ਆਪਣੇ ਦੁਸ਼ਮਣਾਂ ਦੀ ਵੀ ਪਰਵਾਹ ਕਰਦੇ ਹਾਂ, ਅਸੀਂ ਦਇਆ ਨਾਲ ਭਰੇ ਲੋਕ ਹਾਂ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦੁਨੀਆ ਭਾਰਤ ਦੀ ਕਹਾਣੀ ਸੁਣਨ ਨੂੰ ਇੱਛੁਕ ਹੈ। ਭਾਰਤੀਆਂ ਨੂੰ ਆਪਣੇ ਮਹਾਨ ਸੱਭਿਆਚਾਰ ਅਤੇ ਪਰੰਪਰਾਵਾਂ ਬਾਰੇ ਬੋਲਦੇ ਸਮੇਂ ਕਦੇ ਵੀ ਗੁਲਾਮ ਮਾਨਸਿਕਤਾ ਤੋਂ ਪੀੜਤ ਨਹੀਂ ਹੋਣਾ ਚਾਹੀਦਾ ਅਤੇ ਇਸ ਦੀ ਬਜਾਏ ਸਾਹਸ ਨਾਲ ਬੋਲਣਾ ਚਾਹੀਦਾ ਹੈ।

ਦੱਸਣਯੋਗ ਹੈ ਕਿ  ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਜਾਪਾਨ ਦੇ ਹੀਰੋਸ਼ੀਮਾ ਗਏ ਸਨ। ਫਿਰ ਉਨ੍ਹਾਂ ਪਾਪੂਆ ਨਿਊ ਗਿਨੀ ਦੀ ਯਾਤਰਾ ਕੀਤੀ, ਜੋ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਵਲੋਂ ਪ੍ਰਸ਼ਾਂਤ ਟਾਪੂ ਦੇਸ਼ ਦੀ ਪਹਿਲੀ ਫੇਰੀ ਸੀ। ਪ੍ਰਧਾਨ ਮੰਤਰੀ ਮੋਦੀ ਆਪਣੇ ਆਸਟ੍ਰੇਲੀਆਈ ਹਮਰੁਤਬਾ ਦੇ ਸੱਦੇ 'ਤੇ ਸਿਡਨੀ ਵੀ ਗਏ।


Tanu

Content Editor

Related News