ਬਜ਼ੁਰਗਾਂ ਨੂੰ ਵੱਡਾ ਤੋਹਫਾ! ਹੁਣ 70 ਸਾਲ ਦੀ ਉਮਰ ਤੋਂ ਮਿਲੇਗਾ ਮੁਫਤ ਇਲਾਜ

Tuesday, Oct 29, 2024 - 09:41 PM (IST)

ਬਜ਼ੁਰਗਾਂ ਨੂੰ ਵੱਡਾ ਤੋਹਫਾ! ਹੁਣ 70 ਸਾਲ ਦੀ ਉਮਰ ਤੋਂ ਮਿਲੇਗਾ ਮੁਫਤ ਇਲਾਜ

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ 9ਵੇਂ ਆਯੁਰਵੇਦ ਦਿਵਸ ਦੇ ਮੌਕੇ ’ਤੇ ਸਿਹਤ ਖੇਤਰ ਨਾਲ ਸਬੰਧਤ ਲਗਭਗ 12,850 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ।

ਰਾਜਧਾਨੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਮੋਦੀ ਨੇ ‘ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ’ ਯੋਜਨਾ ’ਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਵੀ ਸ਼ੁਰੂ ਕੀਤੀ।

ਇਸ ਨਾਲ ਸਾਰੇ ਆਮਦਨ ਗਰੁੱਪਾਂ ਦੇ ਬਜ਼ੁਰਗ ਨਾਗਰਿਕਾਂ ਲਈ ਸਿਹਤ ਸਹੂਲਤਾਂ ਪਹੁੰਚਯੋਗ ਹੋ ਜਾਣਗੀਆਂ। ਇਸ ਮੌਕੇ ਮੋਦੀ ਨੇ ਭਾਰਤ ਦੇ ਪਹਿਲੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੇ ਦੂਜੇ ਪੜਾਅ ਦਾ ਉਦਘਾਟਨ ਵੀ ਕੀਤਾ।

ਇਸ ਪੜਾਅ ’ਚ ਇਕ ਪੰਚਕਰਮਾ ਹਸਪਤਾਲ, ਦਵਾਈਆਂ ਬਣਾਉਣ ਲਈ ਇਕ ਆਯੁਰਵੈਦਿਕ ਫਾਰਮੇਸੀ, ਇਕ ਖੇਡ ਇਲਾਜ ਇਕਾਈ, ਇਕ ਕੇਂਦਰੀ ਲਾਇਬ੍ਰੇਰੀ, ਇਕ ਆਈ. ਟੀ., ਇਕ ਸਟਾਰਟ-ਅੱਪ ਇਨਕਿਊਬੇਸ਼ਨ ਸੈਂਟਰ ਤੇ 500 ਸੀਟਾਂ ਵਾਲਾ ਆਡੀਟੋਰੀਅਮ ਸ਼ਾਮਲ ਹੈ।

ਮੋਦੀ ਨੇ ਮੱਧ ਪ੍ਰਦੇਸ਼ ਦੇ ਮੰਦਸੌਰ, ਨੀਮਚ ਤੇ ਸਿਓਨੀ ’ਚ ਤਿੰਨ ਮੈਡੀਕਲ ਕਾਲਜਾਂ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ’ਚ ਬਿਲਾਸਪੁਰ, ਪੱਛਮੀ ਬੰਗਾਲ ’ਚ ਕਲਿਆਣੀ, ਬਿਹਾਰ ’ਚ ਪਟਨਾ, ਉੱਤਰ ਪ੍ਰਦੇਸ਼ ’ਚ ਗੋਰਖਪੁਰ, ਮੱਧ ਪ੍ਰਦੇਸ਼ ’ਚ ਭੋਪਾਲ, ਅਾਸਾਮ ’ਚ ਗੁਹਾਟੀ ਤੇ ਨਵੀਂ ਦਿੱਲੀ ’ਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ ਮੈਡੀਕਲ ਸੇਵਾਵਾਂ ਤੇ ਜਨ ਔਸ਼ਧੀ ਕੇਂਦਰ ਦੇ ਪਸਾਰ ਦਾ ਵੀ ਉਦਘਾਟਨ ਕੀਤਾ। ਮੋਦੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ’ਚ ਸਰਕਾਰੀ ਮੈਡੀਕਲ ਕਾਲਜ ’ਚ ਇਕ ਸੁਪਰ ਸਪੈਸ਼ਲਿਟੀ ਬਲਾਕ ਅਤੇ ਓਡਿਸ਼ਾ ਦੇ ਬਾਰਗੜ੍ਹ ’ਚ ਕ੍ਰਿਟੀਕਲ ਕੇਅਰ ਬਲਾਕ ਦਾ ਵੀ ਉਦਘਾਟਨ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਮੱਧ ਪ੍ਰਦੇਸ਼ ’ਚ 5 ਨਰਸਿੰਗ ਕਾਲਜਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਹਿਮਾਚਲ ਪ੍ਰਦੇਸ਼, ਕਰਨਾਟਕ, ਮਣੀਪੁਰ, ਤਾਮਿਲਨਾਡੂ ਤੇ ਰਾਜਸਥਾਨ ’ਚ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਅਧੀਨ 21 ਪੁਰਾਣੀਆਂ ਬਿਮਾਰੀਆਂ ਦੇ ਇਲਾਜ ਕੇਂਦਰਾਂ ਦਾ ਨੀਂਹ ਪੱਥਰ ਵੀ ਰੱਖਿਆ।


author

Baljit Singh

Content Editor

Related News