ਦੇਸ਼ ਨੂੰ ਮਿਲੀ ਵੰਦੇ ਭਾਰਤ ਐਕਸਪ੍ਰੈੱਸ ਦੀ ਸੌਗਾਤ, PM ਮੋਦੀ ਨੇ ਵਿਖਾਈ ਹਰੀ ਝੰਡੀ
Sunday, Jan 15, 2023 - 12:59 PM (IST)
ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਸਿਕੰਦਰਾਬਾਦ ਤੋਂ ਵਿਸ਼ਾਖ਼ਾਪਟਨਮ ਤੱਕ ਚੱਲਣ ਵਾਲੀ 8ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਤੋਂ ਵਰਚੂਅਲ ਰੂਪ ਨਾਲ ਟਰੇਨ ਨੇ ਹਰੀ ਝੰਡੀ ਵਿਖਾਈ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੰਕਦਰਾਬਾਦ ਅਤੇ ਵਿਸ਼ਾਖ਼ਾਪਟਨਮ ਵਿਚਾਲੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾ ਕੇ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਇਸ ਨਾਲ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਮਿਲੇਗੀ ਅਤੇ ਅਰਥਵਿਵਸਥਾ ਨੂੰ ਫਾਇਦਾ ਪਹੁੰਚੇਗਾ।
ਇਸ ਮੌਕੇ ਤੇਲੰਗਾਨਾ ਦੀ ਰਾਜਪਾਲ ਡਾ. ਤਮਿਲਿਸਾਈ ਸੁੰਦਰਰਾਜਨ, ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਕੇਂਦਰੀ ਸੱਭਿਆਚਾਰਕ ਮੰਤਰੀ ਜੀ. ਕਿਸ਼ਨ ਰੈੱਡੀ, ਤੇਲੰਗਾਨਾ ਦੇ ਮੰਤਰੀ ਤਲਸਾਨੀ ਸ਼੍ਰੀਨਿਵਾਸ ਯਾਦਵ ਮੁਹੰਮਦ ਮਹਿਮੂਦ ਅਲੀ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਬੰਦੀ ਸੰਜੇ ਕੁਮਾਰ, ਭਾਜਪਾ ਦੇ ਰਾਜ ਸਭਾ ਮੈਂਬਰ ਕੇ. ਲਕਸ਼ਮਣ ਉਦਘਾਟਨ ਸਮਾਰੋਹ ਵਿਚ ਹਾਜ਼ਰ ਸਨ। ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤੀ ਸੇਵਾ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਲਈ ਰਵਾਨਾ ਹੋਈ। ਇਹ ਦੋ ਤੇਲਗੂ ਬੋਲਣ ਵਾਲੇ ਰਾਜਾਂ ਵਿਚਕਾਰ ਚੱਲਣ ਵਾਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਹੈ। ਇਹ ਰੇਲ ਗੱਡੀ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਇਸ 'ਸੰਕ੍ਰਾਂਤੀ' ਤਿਉਹਾਰ ਦਾ ਤੋਹਫ਼ਾ ਹੈ। ਟਰੇਨ ਦੀ ਨਿਯਮਤ ਸੇਵਾਵਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ।
ਸੋਮਵਾਰ ਤੋਂ ਸ਼ਨੀਵਾਰ ਤੱਕ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੰਬਰ 20833 ਵਿਸ਼ਾਖਾਪਟਨਮ-ਸਿਕੰਦਰਾਬਾਦ ਵਿਸ਼ਾਖਾਪਟਨਮ ਤੋਂ 05.45 ਵਜੇ ਰਵਾਨਾ ਹੋਵੇਗੀ ਅਤੇ ਉਸੇ ਦਿਨ 14.15 ਵਜੇ ਸਿਕੰਦਰਾਬਾਦ ਪਹੁੰਚੇਗੀ। ਟਰੇਨ ਨੰਬਰ 20834 ਸਿਕੰਦਰਾਬਾਦ-ਵਿਸ਼ਾਖਾਪਟਨਮ ਸਿਕੰਦਰਾਬਾਦ ਤੋਂ 15.00 ਵਜੇ ਰਵਾਨਾ ਹੋਵੇਗੀ ਅਤੇ 23.30 ਵਜੇ ਵਿਸ਼ਾਖਾਪਟਨਮ ਪਹੁੰਚੇਗੀ।