PM ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ, ਕਿਹਾ- ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ

Thursday, Jan 09, 2025 - 12:04 PM (IST)

PM ਮੋਦੀ ਨੇ ਪ੍ਰਵਾਸੀ ਭਾਰਤੀ ਐਕਸਪ੍ਰੈਸ ਨੂੰ ਵਿਖਾਈ ਹਰੀ ਝੰਡੀ, ਕਿਹਾ- ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ

ਭੁਵਨੇਸ਼ਵਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰਵਾਸੀ ਭਾਰਤੀਆਂ ਲਈ ਵਿਸ਼ੇਸ਼ ਟੂਰਿਸਟ ਟਰੇਨ 'ਪ੍ਰਵਾਸੀ ਭਾਰਤੀ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਟਰੇਨ ਨੇ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਇਹ ਟਰੇਨ ਪ੍ਰਵਾਸੀ ਭਾਰਤੀਆਂ ਨੂੰ ਤਿੰਨ ਹਫਤਿਆਂ ਤੱਕ ਦੇਸ਼ ਭਰ ਦੇ ਕਈ ਸੈਰ-ਸਪਾਟਾ ਅਤੇ ਧਾਰਮਿਕ ਸਥਾਨਾਂ 'ਤੇ ਲੈ ਕੇ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਭੁਵਨੇਸ਼ਵਰ, ਓਡੀਸ਼ਾ ਵਿਚ ਆਯੋਜਿਤ ਪ੍ਰਵਾਸੀ ਭਾਰਤੀ ਦਿਵਸ (ਪੀ. ਬੀ. ਡੀ) ਕਾਨਫਰੰਸ ਤੋਂ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ।

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਹੁਣ 'ਵਿਸ਼ਵ ਬੰਧੂ' ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਇਸ ਨੂੰ ਹੋਰ ਮਜ਼ਬੂਤ ​​ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਕਿਹਾ ਕਿ ਅੱਜ ਦੁਨੀਆ ਭਾਰਤ ਨੂੰ ਸੁਣਦੀ ਹੈ, ਜੋ ਨਾ ਸਿਰਫ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਸਗੋਂ 'ਗਲੋਬਲ ਸਾਊਥ' ਦੇ ਵਿਚਾਰ ਵੀ ਪੇਸ਼ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਰ ਥਾਂ ਆਸਾਨੀ ਨਾਲ ਜੁੜ ਜਾਂਦੇ ਹਨ। ਜਿੱਥੇ ਵੀ ਭਾਰਤੀ ਜਾਂਦੇ ਹਨ, ਉੱਥੋਂ ਦੀਆਂ ਪਰੰਪਰਾਵਾਂ ਅਤੇ ਨਿਯਮਾਂ ਦਾ ਸਨਮਾਨ ਕਰਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਭਾਰਤ ਹਮੇਸ਼ਾ ਧੜਕਦਾ ਹੈ। 21ਵੀਂ ਸਦੀ ਦਾ ਭਾਰਤ ਬੇਮਿਸਾਲ ਰਫ਼ਤਾਰ ਨਾਲ ਵਿਕਾਸ ਕਰ ਰਿਹਾ ਹੈ।

ਇਸ ਸਾਲ ਸੰਮੇਲਨ ਦਾ ਵਿਸ਼ਾ ਵਿਕਸਿਤ ਭਾਰਤ ਵਿਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਹੈ। ਓਡੀਸ਼ਾ ਦੀ ਖੁਸ਼ਹਾਲ ਵਿਰਾਸਤ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇੱਥੇ ਹਰ ਥਾਂ ਭਾਰਤ ਦੀ ਵਿਰਾਸਤ ਦਾ ਪ੍ਰਤੀਕ ਹੈ। ਸ਼ਾਂਤੀ ਦਾ ਪ੍ਰਤੀਕ ਹੈ, ਜਿੱਥੇ ਸਮਰਾਟ ਅਸ਼ੋਕ ਨੇ ਸ਼ਾਂਤੀ ਦਾ ਰਾਹ ਚੁਣਿਆ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਤਾਕਤ ਹੈ, ਜੋ ਭਾਰਤ ਨੂੰ ਕਹਿਣ ਦਾ ਹੌਂਸਲਾ ਦਿੰਦੀ ਹੈ ਕਿ ਭਵਿੱਖ ਯੁੱਧ 'ਚ ਨਹੀਂ, ਬੁੱਧ ਵਿਚ ਹੈ।


author

Tanu

Content Editor

Related News