ਕੈਬਨਿਟ ਫੇਰਬਦਲ ਲਈ ਤਿਆਰੀ ’ਚ ਜੁਟੇ ਪੀ. ਐੱਮ. ਮੋਦੀ

Wednesday, Jun 07, 2023 - 11:20 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਿਰਾਂ ਤੋਂ ਉਡੀਕੇ ਜਾ ਰਹੇ ਕੈਬਨਿਟ ਫੇਰਬਦਲ ਤੋਂ ਪਹਿਲਾਂ ਆਪਣੇ ਪੱਧਰ ’ਤੇ ਤਿਆਰੀ ਕਰ ਰਹੇ ਹਨ। ਪੀ. ਐੱਮ. ਓ. ਦੀ ਰਿਪੋਰਟ ਦੱਸਦੀ ਹੈ ਕਿ ਤਰੀਕ ਦਾ ਐਲਾਨ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਚਰਚਾ ਪੂਰੀ ਹੋ ਜਾਵੇ। ਇਹ ਮੋਦੀ ਦੇ ਅਮਰੀਕਾ ਜਾਣ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਪਰਤਣ ਤੋਂ ਬਾਅਦ ਹੋ ਸਕਦਾ ਹੈ। ਹਾਲਾਂਕਿ ਮਈ, 2024 ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਫੇਰਬਦਲ ਹੋ ਸਕਦਾ ਹੈ, ਇਸ ਲਈ ਵਿਆਪਕ ਅੰਦਰੂਨੀ ਮੁਲਾਂਕਣ ਕੀਤਾ ਜਾ ਰਿਹਾ ਹੈ। ਦੂਜਾ, ਭਾਜਪਾ ਅਤੇ ਸਮੁੱਚੇ ਕੇਂਦਰੀ ਮੰਤਰੀ 30 ਜੂਨ ਤਕ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ’ਚ ਜੁਟੇ ਹਨ, ਇਸ ਲਈ ਸੰਭਾਵਨਾ ਹੈ ਕਿ ਫੇਰਬਦਲ ਜੁਲਾਈ ’ਚ ਹੀ ਹੋ ਸਕੇਗਾ।

ਇਸ ਸਮੇਂ 29 ਕੈਬਨਿਟ ਮੰਤਰੀ, 2 ਸੁਤੰਤਰ ਚਾਰਜ ਸੰਭਾਲ ਰਹੇ ਰਾਜ ਮੰਤਰੀ ਹਨ ਅਤੇ 45 ਰਾਜ ਮੰਤਰੀ ਹਨ, ਪੀ. ਐੱਮ. ਤੋਂ ਇਲਾਵਾ ਕੁੱਲ 76 ਮੰਤਰੀ ਹਨ। ਸੱਤਾ ਦੇ ਗਲਿਆਰਿਆਂ ’ਚ ਸੁਣਨ ’ਚ ਆ ਰਿਹਾ ਹੈ ਕਿ ਮਜ਼ਬੂਤ ਖੇਤਰੀ ਨੇਤਾਵਾਂ ਅਤੇ ਨਵੇਂ ਸਹਿਯੋਗੀਆਂ ਨੂੰ ਨੁਮਾਇੰਦਗੀ ਦੇਣ ਲਈ ਘੱਟ ਤੋਂ ਘੱਟ ਅੱਧਾ ਦਰਜਨ ਕੇਂਦਰੀ ਮੰਤਰੀਆਂ ਨੂੰ ਪਾਰਟੀ ਦੇ ਕੰਮ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਮੰਤਰੀਆਂ ਦੀ ਗਿਣਤੀ ਲੋਕ ਸਭਾ ਦੀ ਕੁਲ ਗਿਣਤੀ ਦੇ 15 ਫ਼ੀਸਦੀ ਤੱਕ ਜਾ ਸਕਦੀ ਹੈ।

ਤੇਦੇਪਾ, ਅੰਨਾ ਡੀ. ਐੱਮ. ਕੇ. ਅਤੇ ਏਕਨਾਥ ਸ਼ਿੰਦੇ ਦੀ ਸ਼ਿਵਸੈਨਾ ਨੂੰ ਮੰਤਰੀਆਂ ਦੇ ਅਹੁਦੇ ਦੇਣ ਲਈ ਉਨ੍ਹਾਂ ਨਾਲ ਗੱਲਬਾਤ ਚੱਲ ਰਹੀ ਹੈ। ਪ੍ਰਧਾਨ ਮੰਤਰੀ ਦੀ ਨੀਤੀ ਹੈ ਕਿ ਲੋਕ ਸਭਾ ’ਚ ਗਿਣਤੀ ਦੇ ਆਧਾਰ ’ਤੇ ਤਾਕਤ ਦੇ ਬਾਵਜੂਦ ਇਕ ਸਹਿਯੋਗੀ ਨੂੰ ਇਕ ਕੈਬਨਿਟ ਅਹੁਦਾ ਦਿੱਤਾ ਜਾਵੇਗਾ। ਸ਼ਿਵਸੈਨਾ ਨੂੰ ਐਡਜਸਟ ਕਰਨ ਲਈ ਇਸ ਨਿਯਮ ’ਚ ਸੋਧ ਦੀ ਲੋੜ ਹੋ ਸਕਦੀ ਹੈ।

ਭਾਜਪਾ ਅਕਾਲੀ ਦਲ (ਬਾਦਲ) ਨੂੰ ਨਾਲ ਲਿਆਉਣ ਜਾਂ ਪੰਜਾਬ ’ਚ ਇਕੱਲੇ ਰਹਿਣ ਦੇ ਗੁੰਝਲਦਾਰ ਮੁੱਦੇ ਨਾਲ ਵੀ ਜੂਝ ਰਹੀ ਹੈ। ਚਿਰਾਗ ਪਾਸਵਾਨ ਦੀ ਅਗਵਾਈ ਵਾਲੇ ਲੋਜਪਾ ਦੇ ਧੜੇ ਨੂੰ ਵੀ ਐਡਜਸਟ ਕੀਤਾ ਜਾਣਾ ਹੈ। ਭਾਜਪਾ ਕਰਨਾਟਕ ਦੀ ਹਾਰ ਤੋਂ ਬਾਅਦ ਸੂਬਿਆਂ ’ਚ ਮਜ਼ਬੂਤ ਧੁਨੰਤਰਾਂ ਨੂੰ ਹਟਾਉਣ ਦੇ ਪ੍ਰਯੋਗ ’ਚ ਕੋਈ ਛੇੜਛਾੜ ਨਹੀਂ ਕਰਨਾ ਚਾਹੁੰਦੀ ਹੈ।


Rakesh

Content Editor

Related News