PM ਮੋਦੀ ਨੇ ਰੇਖਾ ਗੁਪਤਾ ਨੂੰ ਦਿੱਲੀ ਦੀ CM ਬਣਨ ''ਤੇ ਦਿੱਤੀ ਵਧਾਈ

Thursday, Feb 20, 2025 - 02:37 PM (IST)

PM ਮੋਦੀ ਨੇ ਰੇਖਾ ਗੁਪਤਾ ਨੂੰ ਦਿੱਲੀ ਦੀ CM ਬਣਨ ''ਤੇ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਰੇਖਾ ਗੁਪਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਉਹ ਦਿੱਲੀ ਦੇ ਵਿਕਾਸ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਦੀ ਸਾਬਕਾ ਪ੍ਰਧਾਨ ਅਤੇ ਪਹਿਲੀ ਵਾਰ ਵਿਧਾਇਕ ਚੁਣੀ ਗਈ ਰੇਖਾ ਗੁਪਤਾ ਦਿੱਲੀ ਦੀ 9ਵੀਂ ਮੁੱਖ ਮੰਤਰੀ ਬਣੀ।

ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਰਾਜਧਾਨੀ ਦੇ ਇਤਿਹਾਸਕ ਰਾਮਲੀਲਾ ਮੈਦਾਨ 'ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਰੇਖਾ ਗੁਪਤਾ ਜੀ ਨੂੰ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ। ਉਹ ਜ਼ਮੀਨੀ ਪੱਧਰ ਤੋਂ ਉੱਪਰ ਉੱਠ ਕੇ ਕੈਂਪਸ ਰਾਜਨੀਤੀ ਤੋਂ ਲੈ ਕੇ ਸੂਬੇ ਸੰਗਠਨ ਅਤੇ ਨਗਰ ਪਾਲਿਕਾ ਪ੍ਰਸ਼ਾਸਨ ਵਿਚ ਸਰਗਰਮ ਰਹਿਣ ਮਗਰੋਂ ਹੁਣ ਵਿਧਾਇਕ ਦੇ ਨਾਲ-ਨਾਲ ਮੁੱਖ ਮੰਤਰੀ ਬਣੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਉਹ ਦਿੱਲੀ ਦੇ ਵਿਕਾਸ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ। ਉਨ੍ਹਾਂ ਦੇ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ। ਰੇਖਾ ਗੁਪਤਾ ਹਾਲ ਹੀ 'ਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਸ਼ਾਲੀਮਾਰ ਬਾਗ ਤੋਂ ਵਿਧਾਇਕ ਚੁਣੀ ਗਈ ਹੈ। ਉਹ ਮਦਨ ਲਾਲ ਖੁਰਾਣਾ, ਸਾਹਿਬ ਸਿੰਘ ਵਰਮਾ ਅਤੇ ਸੁਸ਼ਮਾ ਸਵਰਾਜ ਤੋਂ ਬਾਅਦ ਦਿੱਲੀ ਵਿਚ ਭਾਜਪਾ ਦੀ ਚੌਥੀ ਮੁੱਖ ਮੰਤਰੀ ਬਣ ਗਈ ਹੈ। ਇਸ ਦੇ ਨਾਲ ਹੀ ਉਹ ਭਾਜਪਾ ਦੇ ਸ਼ਾਸਨ ਵਾਲੇ ਕਿਸੇ ਵੀ ਸੂਬੇ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਵੀ ਬਣ ਗਈ ਹੈ।


author

Tanu

Content Editor

Related News