PM ਮੋਦੀ ਨੇ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੂੰ ਦਿੱਤੀ ਵਧਾਈ
Monday, Oct 04, 2021 - 11:19 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਇਸ ਖੇਤਰ ’ਚ ਵਿਸ਼ੇਸ਼ ਰਣਨੀਤਕ ਤੇ ਵਿਸ਼ਵਵਿਆਪੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਨ। ਪੀ. ਐੱਮ. ਮੋਦੀ ਨੇ ਟਵੀਟ ਕੀਤਾ, ‘‘ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਮੈਂ ਵਿਸ਼ੇਸ਼ ਰਣਨੀਤਕ ਤੇ ਗਲੋਬਲ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਸਾਡੇ ਖੇਤਰ ’ਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।’’ ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਦੀ ਦੋਸਤੀ ਸਮੁੱਚੇ ਖੇਤਰ ’ਚ ਸਭ ਤੋਂ ਕੁਦਰਤੀ ਸਾਂਝੇਦਾਰੀਆਂ ’ਚੋਂ ਇਕ ਮੰਨੀ ਜਾਂਦੀ ਹੈ ਅਤੇ ਕਿਹਾ ਕਿ ਜਾਪਾਨ ਭਾਰਤ ਦੇ ਸਭ ਤੋਂ ਭਰੋਸੇਯੋਗ ਮਿੱਤਰਾਂ ’ਚੋਂ ਇਕ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜਾਪਾਨੀ ਸੰਸਦ ਮੈਂਬਰਾਂ ਨੇ ਫੁਮਿਓ ਕਿਸ਼ਿਦਾ ਨੂੰ ਨਵੇਂ ਪ੍ਰਧਾਨ ਮੰਤਰੀ ਵਜੋਂ ਮਨਜ਼ੂਰੀ ਦੇਣ ਲਈ ਵੋਟ ਦਿੱਤੀ।
ਰਿਪੋਰਟਾਂ ਦੇ ਅਨੁਸਾਰ ਤੋਸ਼ੀਮਿਤਸੂ ਮੋਤੇਗੀ ਨੂੰ ਵਿਦੇਸ਼ ਮੰਤਰੀ ਦੇ ਰੂਪ ’ਚ ਬਰਕਰਾਰ ਰੱਖਿਆ ਜਾਵੇਗਾ, ਜਦਕਿ ਹੀਰੋਕਾਜ਼ੂ ਮਾਤਸੂਨੋ ਮੁੱਖ ਕੈਬਨਿਟ ਸਕੱਤਰ ਬਣੇ ਰਹਿਣਗੇ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਸੀ ਕਿ ਉਹ 29 ਸਤੰਬਰ ਨੂੰ ਪਾਰਟੀ ਦੇ ਨਵੇਂ ਨੇਤਾ ਦੇ ਚੁਣੇ ਜਾਣ ਤੋਂ ਇਕ ਸਾਲ ਬਾਅਦ ਹੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ.ਡੀ.ਪੀ.) ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜਾਪਾਨ ਦੀ ਸੱਤਾਧਾਰੀ ਪਾਰਟੀ ਨੇ ਆਪਣੇ ਨਵੇਂ ਨੇਤਾ ਲਈ ਵੋਟਿੰਗ ਕੀਤੀ, ਜਿਸ ’ਚ ਫੁਮਿਓ ਕਿਸ਼ਿਦਾ ਦੀ ਜਿੱਤ ਹੋਈ। ਇਸ ਨਾਲ ਇਹ ਵੀ ਸਪੱਸ਼ਟ ਹੋ ਗਿਆ ਸੀ ਕਿ ਉਹ ਅਗਲੇ ਪ੍ਰਧਾਨ ਮੰਤਰੀ ਬਣਨਗੇ।