ਮੋਦੀ ਬੋਲੇ-ਕਾਂਗਰਸ ਦਾ ਬਲੈਕ ਪੇਪਰ ‘ਕਾਲਾ ਟਿੱਕਾ’, ਮਨਮੋਹਨ ਸਿੰਘ ਨੂੰ ਦੱਸਿਆ ਪ੍ਰੇਰਨਾਦਾਇਕ ਉਦਾਹਰਣ

Friday, Feb 09, 2024 - 12:46 PM (IST)

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ‘ਪ੍ਰੇਰਣਾਦਾਇਕ ਉਦਾਹਰਣ’ ਦੱਸਿਆ ਅਤੇ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਗੱਲ ਕੀਤੀ ਜਾਵੇਗੀ ਤਾਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਰਾਜ ਸਭਾ ਤੋਂ ਸੇਵਾ-ਮੁਕਤ ਹੋ ਰਹੇ ਮੈਂਬਰਾਂ ਦੀ ਵਿਦਾਇਗੀ ਮੌਕੇ ਉੱਚ ਸਦਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ‘ਬਲੈਕ ਪੇਪਰ’ ਜਾਰੀ ਕੀਤੇ ਜਾਣ ਦਾ ਸਵਾਗਤ ਵੀ ਕੀਤਾ ਅਤੇ ਵਿਰੋਧੀ ਪਾਰਟੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਦੇਸ਼ ਦੀ ਖੁਸ਼ਹਾਲੀ ਨੂੰ ਨਜ਼ਰ ਨਾ ਲੱਗੇ, ਇਸ ਦੇ ਲਈ ‘ਕਾਲਾ ਟਿੱਕਾ’ ਬਹੁਤ ਜ਼ਰੂਰੀ ਹੁੰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਮੈਂ ਖਾਸ ਤੌਰ ’ਤੇ ਮਨਮੋਹਨ ਸਿੰਘ ਜੀ ਨੂੰ ਯਾਦ ਕਰਨਾ ਚਾਹਾਂਗਾ। 6 ਵਾਰ ਇਸ ਸਦਨ ’ਚ ਆਪਣੇ ਵੱਡਮੁੱਲੇ ਵਿਚਾਰਾਂ ਨਾਲ ਹੋਰ ਨੇਤਾ ਦੇ ਰੂਪ ’ਚ ਵੀ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।’’ ਮੋਦੀ ਨੇ ਕਿਹਾ ਕਿ ਵਿਚਾਰਿਕ ਮਤਭੇਦਾਂ ਕਾਰਨ ਕਈ ਵਾਰ ਬਹਿਸਾਂ ਦੌਰਾਨ ਤੂੰ ਤੂੰ-ਮੈਂ ਮੈਂ ਵੀ ਹੋ ਜਾਂਦੀ ਹੈ ਪਰ ਉਹ ਬਹੁਤ ਘੱਟ ਸਮੇਂ ਲਈ ਹੁੰਦੀ ਹੈ। ਉਨ੍ਹਾਂ ਕਿਹਾ, ‘‘ਪਰ ਇੰਨੇ ਲੰਬੇ ਅਰਸੇ ਤੱਕ ਜਿਸ ਤਰ੍ਹਾਂ ਉਨ੍ਹਾਂ ਨੇ ਇਸ ਸਦਨ ਦਾ ਮਾਰਗਦਰਸ਼ਨ ਕੀਤਾ ਹੈ, ਦੇਸ਼ ਦਾ ਮਾਰਗਦਰਸ਼ਨ ਕੀਤਾ ਹੈ, ਜਦੋਂ ਵੀ ਸਾਡੇ ਲੋਕਤੰਤਰ ਦੀ ਚਰਚਾ ਹੋਵੇਗੀ, ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਯਾਦ ਕੀਤਾ ਜਾਵੇਗਾ।


Rakesh

Content Editor

Related News