ਪਾਕਿ ’ਚ ਪਾਣੀ ਦੀ ਇਕ ਵੀ ਬੂੰਦ ਨਹੀਂ ਜਾਣ ਦੇਵੇਗਾ ਭਾਰਤ, ਬੈਠਕ ਤੋਂ ਬਾਅਦ ਜਲ ਸ਼ਕਤੀ ਮੰਤਰੀ ਪਾਟਿਲ ਦੀ ਦੋ-ਟੁੱਕ
Friday, Apr 25, 2025 - 10:56 PM (IST)

ਨਵੀਂ ਦਿੱਲੀ, (ਭਾਸ਼ਾ)– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ ਕਿ ਭਾਰਤ ਤੋਂ ਪਾਣੀ ਦੀ ਇਕ ਵੀ ਬੂੰਦ ਪਾਕਿਸਤਾਨ ਵਿਚ ਨਾ ਜਾ ਸਕੇ।
ਪਾਟਿਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਨ੍ਹਾਂ ’ਤੇ ਅਮਲ ਲਈ ਇਹ ਬੈਠਕ ਆਯੋਜਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਾਹ ਨੇ ਬੈਠਕ ਵਿਚ ਇਨ੍ਹਾਂ ਨਿਰਦੇਸ਼ਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣ ਦੇ ਕਈ ਸੁਝਾਅ ਦਿੱਤੇ।
ਸ਼ਾਹ ਨੇ ਮੰਗਲਵਾਰ ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ 1960 ਦੀ ਸਿੰਧੂ ਜਲ ਸੰਧੀ ਨੂੰ ਮੁਲਤਵੀ ਰੱਖਣ ਸੰਬੰਧੀ ਭਾਰਤ ਦੇ ਫੈਸਲੇ ਤੋਂ ਬਾਅਦ ਭਵਿੱਖ ਦੀ ਕਾਰਵਾਈ ’ਤੇ ਚਰਚਾ ਲਈ ਬੈਠਕ ਕੀਤੀ।
ਇਸ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਵਧੇਰੇ ਸੈਲਾਨੀ ਸ਼ਾਮਲ ਸਨ। ਪਾਟਿਲ ਨੇ ਬਾਅਦ ਵਿਚ ਐਕਸ ’ਤੇ ਇਕ ਪੋਸਟ ਵਿਚ ਲਿਖਿਆ ਕਿ ਮੋਦੀ ਸਰਕਾਰ ਵਲੋਂ ਸਿੰਧੂ ਜਲ ਸੰਧੀ ’ਤੇ ਲਿਆ ਗਿਆ ਇਤਿਹਸਾਕ ਫੈਸਲਾ ਪੂਰੀ ਤਰ੍ਹਾਂ ਨਾਲ ਨਿਆਂ ਸੰਗਤ ਅਤੇ ਰਾਸ਼ਟਰਹਿੱਤ ਵਿਚ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਿੰਧੂ ਨਦੀ ਦਾ ਇਕ ਬੂੰਦ ਪਾਣੀ ਵੀ ਪਾਕਿਸਤਾਨ ਵਿਚ ਨਾ ਜਾਵੇ।
ਪਾਟਿਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਨ੍ਹਾਂ ’ਤੇ ਅਮਲ ਕਰਨ ਲਈ ਬੈਠਕ ਆਯੋਜਿਤ ਕੀਤੀ ਗਈ ਸੀ ਅਤੇ ਸ਼ਾਹ ਨੇ ਬੈਠਕ ਵਿਚ ਉਨ੍ਹਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕਈ ਸੁਝਾਅ ਦਿੱਤੇ।
ਸੂਤਰਾਂ ਨੇ ਕਿਹਾ ਕਿ ਸਰਕਾਰ ਆਪਣੇ ਫੈਸਲਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੰਬੇ ਸਮੇਂ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਬੈਠਕ ਵਿਚ ਪਾਟਿਲ ਤੋਂ ਇਲਾਵਾ ਕਈ ਮੰਤਰਾਲਿਅਾਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਭਾਰਤ ਨੇ ਪਹਿਲਾਂ ਹੀ ਪਾਕਿਸਤਾਨ ਨੂੰ ਸੰਧੀ ਨੂੰ ਫੌਰੀ ਪ੍ਰਭਾਵ ਨਾਲ ਮੁਲਤਵੀ ਰੱਖਣ ਸੰਬੰਧੀ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ ਅਤੇ ਕਿਹਾ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਨੂੰ ਸਰਹੱਦ ਪਾਰ ਤੋਂ ਲਗਾਤਾਰ ਅੱਤਵਾਦ ਰਾਹੀਂ ਨਿਸ਼ਾਨਾ ਬਣਾ ਕੇ ਸੰਧੀ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜਲ ਸ਼ਕਤੀ ਮੰਤਰੀ ਪਾਟਿਲ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਹੈ ਕਿ ਉਹ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।