ਜਿੱਥੇ ਸੁਰੱਖਿਆ ਫ਼ੋਰਸ ਤਾਇਨਾਤ, ਉਹ ਸਥਾਨ ਮੇਰੇ ਲਈ ਕਿਸੇ ਮੰਦਰ ਤੋਂ ਘੱਟ ਨਹੀਂ : PM ਮੋਦੀ

Sunday, Nov 12, 2023 - 03:06 PM (IST)

ਲੇਪਚਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਰੱਖਿਆ ਖੇਤਰ ਵਿਚ ਇਕ ਵੱਡੀ ਵਿਸ਼ਵ ਸ਼ਕਤੀ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ ਅਤੇ ਇਸ ਦੇ ਸੁਰੱਖਿਆ ਬਲਾਂ ਦੀ ਸਮਰੱਥਾ ਲਗਾਤਾਰ ਵੱਧ ਰਹੀ ਹੈ। ਪੀ.ਐੱਮ. ਮੋਦੀ ਨੇ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਲੇਪਚਾ 'ਚ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਈ ਅਤੇ ਉਨ੍ਹਾਂ ਦੇ ਅਡੋਲ ਸਾਹਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਬਹਾਦਰ ਜਵਾਨ ਦੇਸ਼ ਦੀਆਂ ਸਰਹੱਦਾਂ 'ਤੇ ਖੜ੍ਹੇ ਹਨ, ਭਾਰਤ ਸੁਰੱਖਿਅਤ ਹੈ। ਪ੍ਰਧਾਨ ਮੰਤਰੀ ਨੇ ਇੱਥੇ ਸਰਹੱਦ ਨੇੜੇ ਤਾਇਨਾਤ ਸੁਰੱਖਿਆ ਕਰਮੀਆਂ ਨਾਲ ਦੀਵਾਲੀ ਮਨਾਉਣ ਤੋਂ ਬਾਅਦ ਸੈਨਿਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਹਾਲਾਤ ਅਜਿਹੇ ਹਨ ਕਿ ਭਾਰਤ ਤੋਂ ਉਮੀਦਾਂ ਲਗਾਤਾਰ ਵੱਧ ਰਹੀਆਂ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਸ (ਆਈ.ਟੀ.ਬੀ.ਪੀ.) ਦੀ ਵਰਦੀ ਪਹਿਨੇ ਮੋਦੀ ਨੇ ਕਿਹਾ,"ਅਜਿਹੇ ਮਹੱਤਵਪੂਰਨ ਸਮੇਂ 'ਤੇ ਇਹ ਜ਼ਰੂਰੀ ਹੈ ਕਿ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਰਹਿਣ ਅਤੇ ਦੇਸ਼ ਵਿਚ ਸ਼ਾਂਤੀ ਦਾ ਮਾਹੌਲ ਬਣੇ ਅਤੇ ਇਸ ਵਿਚ ਤੁਹਾਡੀ ਵੱਡੀ ਭੂਮਿਕਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ,"ਭਾਰਤ ਉਦੋਂ ਤੱਕ ਸੁਰੱਖਿਅਤ ਹੈ ਜਦੋਂ ਤੱਕ ਮੇਰੇ ਬਹਾਦਰ ਸੈਨਿਕ ਹਿਮਾਲਿਆ ਦੀ ਤਰ੍ਹਾਂ ਸਰਹੱਦਾਂ 'ਤੇ ਖੜ੍ਹੇ ਹਨ।" ਉਨ੍ਹਾਂ ਕਿਹਾ,''ਆਜ਼ਾਦੀ ਤੋਂ ਬਾਅਦ ਇਨ੍ਹਾਂ ਬਹਾਦਰਾਂ (ਫੌਜ ਦੇ ਜਵਾਨਾਂ) ਨੇ ਕਈ ਜੰਗਾਂ ਲੜੀਆਂ ਅਤੇ ਦੇਸ਼ ਦਾ ਦਿਲ ਜਿੱਤਿਆ...ਸਾਡੇ ਸੈਨਿਕਾਂ ਨੇ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਜਿੱਤ ਹਾਸਲ ਕੀਤੀ।'' ਪੀ.ਐੱਮ. ਮੋਦੀ ਨੇ ਜਵਾਨਾਂ ਨੂੰ ਕਿਹਾ,''ਕਿਹਾ ਜਾਂਦਾ ਹੈ ਕਿ ਤਿਉਹਾਰ ਉੱਥੇ ਹੁੰਦਾ ਹੈ, ਜਿੱਥੇ ਪਰਿਵਾਰ ਹੈ। ਤਿਉਹਾਰਾਂ 'ਤੇ ਪਰਿਵਾਰ ਤੋਂ ਦੂਰ ਰਹਿਣਾ ਅਤੇ ਸਰਹੱਦਾਂ 'ਤੇ ਤਾਇਨਾਤ ਰਹਿਣਾ ਡਿਊਟੀ ਪ੍ਰਤੀ ਵਚਨਬੱਧਤਾ ਦੀ ਮਿਸਾਲ ਹੈ... ਦੇਸ਼ ਤੁਹਾਡਾ ਰਿਣੀ ਹੈ।'' ਪ੍ਰਧਾਨ ਮੰਤਰੀ ਨੇ ਕਿਹਾ,''ਇਸ ਲਈ ਦੀਵਾਲੀ 'ਤੇ ਇਕ ਦੀਵਾ ਤੁਹਾਡੀ ਸੁਰੱਖਿਆ ਲਈ ਹੈ ਅਤੇ ਹਰ ਪ੍ਰਾਰਛਨਾ 'ਚ ਲੋਕ ਤੁਹਾਡੀ ਸੁਰੱਖਿਆ ਦੀ ਕਾਮਨਾ ਕਰਦੇ ਹਨ।'' ਉਨ੍ਹਾਂ ਕਿਹਾ,''ਪਿਛਲੇ 30-35 ਸਾਲਾਂ 'ਚ ਅਜਿਹੀ ਕੋਈ ਦੀਵਾਲੀ ਨਹੀਂ ਹੈ ਜੋ ਮੈਂ ਤੁਹਾਡੇ ਨਾਲ ਨਾ ਮਨਾਈ ਹੋਵੇ। ਜਦੋਂ ਮੈਂ ਨਾ ਪ੍ਰਧਾਨ ਮੰਤਰੀ ਸੀ ਅਤੇ ਨਾ ਹੀ ਮੁੱਖ ਮੰਤਰੀ ਸੀ, ਉਦੋਂ ਮੈਂ ਸਰਹੱਦੀ ਖੇਤਰਾਂ ਵਿਚ ਤੁਹਾਡੇ ਵਿਚਕਾਰ ਦੀਵਾਲੀ ਮਨਾਈ ਸੀ।''

ਉਨ੍ਹਾਂ ਕਿਹਾ ਕਿ ਭਾਰਤ ਦੇ ਸੈਨਿਕਾਂ ਨੇ ਹਮੇਸ਼ਾ ਆਪਣੀ ਜਾਨ ਖ਼ਤਰੇ ਵਿਚ ਪਾਈ ਹੈ ਅਤੇ ਹਮੇਸ਼ਾ ਸਾਬਿਤ ਕੀਤਾ ਹੈ ਕਿ ਉਹ ਸਰਹੱਦਾਂ 'ਤੇ 'ਸਭ ਤੋਂ ਮਜ਼ਬੂਤ ​​ਕੰਧ' ਹਨ। ਪੀ.ਐੱਮ. ਮੋਦੀ ਨੇ ਕਿਹਾ,''ਮੇਰੇ ਲਈ ਉਹ ਜਗ੍ਹਾ ਜਿੱਥੇ ਸਾਡੇ ਸੁਰੱਖਿਆ ਬਲਾਂ ਦੀ ਤਾਇਨਾਤੀ ਹੈ, ਉਹ ਕਿਸੇ ਮੰਦਰ ਤੋਂ ਘੱਟ ਨਹੀਂ ਹੈ।'' ਪ੍ਰਧਾਨ ਮੰਤਰੀ ਨੇ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਨਿਕਾਸੀ ਅਤੇ ਹੋਰ ਆਫਤਾਂ ਦੌਰਾਨ ਹਥਿਆਰਬੰਦ ਬਲਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ,''ਜਦੋਂ ਸਾਨੂੰ ਸੂਡਾਨ ਤੋਂ ਲੋਕਾਂ ਨੂੰ ਕੱਢਣਾ ਪਿਆ ਤਾਂ ਭਾਰਤ ਦੇ ਬਹਾਦਰਾਂ ਨੇ ਹਿੰਮਤ ਨਾਲ ਮਿਸ਼ਨ ਨੂੰ ਪੂਰਾ ਕੀਤਾ... ਜਦੋਂ ਤੁਰਕੀ 'ਚ ਭੂਚਾਲ ਆਇਆ ਤਾਂ ਉਨ੍ਹਾਂ ਨੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਨੂੰ ਬਚਾਇਆ।'' ਉਨ੍ਹਾਂ ਕਿਹਾ ਕਿ ਜਿੱਥੇ ਵੀ ਭਾਰਤੀਆਂ ਨੂੰ ਖ਼ਤਰਾ ਹੈ, ਸੁਰੱਖਿਆ ਬਲ ਹਮੇਸ਼ਾ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ। ਪੀ.ਐੱਮ. ਮੋਦੀ ਨੇ ਕਿਹਾ,''ਸਾਨੂੰ ਆਪਣੀ ਫੌਜ ਅਤੇ ਜਵਾਨਾਂ 'ਤੇ ਮਾਣ ਹੈ।'' ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਦੇਸ਼ ਦੇ ਆਖ਼ਰੀ ਪਿੰਡ, ਜਿਸ ਨੂੰ ਮੈਂ ਪਹਿਲਾ ਪਿੰਡ ਕਹਿੰਦਾ ਹਾਂ, ਉੱਥੇ ਮੈਂ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾ ਰਿਹਾ ਹਾਂ। ਇੱਥੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵਿਸ਼ੇਸ਼ ਹਨ।'' ਉਨ੍ਹਾਂ ਕਿਹਾ ਕਿ ਪਿਛਲੀ ਦੀਵਾਲੀ ਤੋਂ ਲੈ ਕੇ ਇਸ ਦੀਵਾਲੀ ਤੱਕ ਦਾ ਸਮਾਂ ਭਾਰਤ ਲਈ ਬੇਮਿਸਾਲ ਉਪਲੱਬਧੀਆਂ ਨਾਲ ਭਰਿਆ ਰਿਹਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News