ਉੱਤਰਾਖੰਡ: ਮੋਹਲੇਧਾਰ ਮੀਂਹ ਪੈਣ ਕਾਰਨ ਪਿਥੌਰਾਗੜ੍ਹ ਦਾ ਚੀਨ ਦੀ ਸਰਹੱਦ ਨਾਲੋਂ ਸੰਪਰਕ ਟੁੱਟਿਆ

Saturday, Oct 08, 2022 - 12:34 PM (IST)

ਉੱਤਰਾਖੰਡ: ਮੋਹਲੇਧਾਰ ਮੀਂਹ ਪੈਣ ਕਾਰਨ ਪਿਥੌਰਾਗੜ੍ਹ ਦਾ ਚੀਨ ਦੀ ਸਰਹੱਦ ਨਾਲੋਂ ਸੰਪਰਕ ਟੁੱਟਿਆ

ਨੈਨੀਤਾਲ- ਉੱਤਰਾਖੰਡ ਦੇ ਕਮਾਊਂ ਡਿਵੀਜ਼ਨ ’ਚ ਪਿਛਲੇ ਦੋ ਦਿਨਾਂ ਤੋਂ ਪੈ ਰਿਹਾ ਮੋਹਲੇਧਾਰ ਮੀਂਹ ਪੈਣ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਦੋ ਦਰਜਨ ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਜ਼ਮੀਨ ਖਿਸਕਣ ਕਾਰਨ ਚੀਨ ਦੀ ਸਰਹੱਦ ਨੂੰ ਜੋੜਨ ਵਾਲੀਆਂ ਚਾਰ ਸਰਹੱਦੀ ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਮੀਂਹ ਦਾ ਜ਼ਿਆਦਾ ਅਸਰ ਪਿਥੌਰਾਗੜ੍ਹ ਜ਼ਿਲ੍ਹੇ ਦੇ ਉੱਚਾਈ ਵਾਲੇ ਇਲਾਕਿਆਂ ’ਤੇ ਪਿਆ ਹੈ। ਇੱਥੇ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਨਾਲ ਹੀ ਬਰਫ਼ਬਾਰੀ ਹੋ ਰਹੀ ਹੈ।

ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਚੀਨ ਦੀ ਸਰਹੱਦ ਨੂੰ ਜੋੜਨ ਵਾਲੀਆਂ ਗਾਲਾ-ਜਿਪਤੀ, ਤਵਾਘਾਟ-ਘਾਟੀਆਬਾਗੜ, ਘਾਟੀਆਬਾਗੜ-ਲਿਪੁਲੇਖ, ਗੁੰਜੀ-ਕੁਟੀ ਸਰਹੱਦੀ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ। ਗਾਲਾ-ਜਿਪਤੀ ਸਰਹੱਦ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਇਕ ਅਕਤੂਬਰ ਤੋਂ ਬੰਦ ਪਈ ਹੈ। ਚਾਰ ਸਰਹੱਦੀ ਸੜਕਾਂ ਬੰਦ ਹੋਣ ਕਾਰਨ ਪਿਥੌਰਾਗੜ੍ਹ ਦਾ ਚੀਨ ਦੀ ਸਰਹੱਦ ਨਾਲ ਸੰਪਰਕ ਟੁੱਟ ਗਿਆ ਹੈ।

ਓਧਰ ਕੈਲਾਸ਼ ਮਾਨਸਰੋਵਰ ਮਾਰਗ ’ਤੇ ਮਾਲਪਾ ਅਤੇ ਬੁਦੀ ਵਿਚਕਾਰ ਲੱਗਭਗ ਅੱਧੀ ਦਰਜਨ ਥਾਵਾਂ ’ਤੇ ਜ਼ਮੀਨ ਖਿਸਕਣ ਦੀ ਵੀ ਖ਼ਬਰ ਹੈ। ਕੈਲਾਸ਼ ਯਾਤਰਾ ਮਾਰਗ ’ਤੇ ਵੀ ਗੁੰਜੀ ਅਤੇ ਕੁਟੀ ਵਿਚਕਾਰ ਮਲਬਾ ਆਉਣ ਕਾਰਨ ਯਾਤਰਾ ਰੂਟ ਵੀ ਪ੍ਰਭਾਵਿਤ ਹੋਇਆ ਹੈ। ਇੱਥੇ ਬਰਫ਼ਬਾਰੀ ਅਤੇ ਜ਼ਿਆਦਾ ਮੀਂਹ ਕਾਰਨ ਰਾਹਤ ਕਾਰਜ ’ਚ ਮੁਸ਼ਕਲ ਆ ਰਹੀ ਹੈ। ਪ੍ਰਸ਼ਾਸਨ ਮੁਤਾਬਕ ਮੌਸਮ ਵਿਚ ਸੁਧਾਰ ਹੋਣ ਨਾਲ ਹੀ ਸੜਕਾਂ ਨੂੰ ਖੋਲ੍ਹਣ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇਗੀ। 


author

Tanu

Content Editor

Related News