ਮਾਘ ਦੀ ਪੁੰਨਿਆ ''ਤੇ ਵੱਡੀ ਗਿਣਤੀ ''ਚ ਸ਼ਰਧਾਲੂਆਂ ਨੇ ਲਾਈ ਗੰਗਾ ''ਚ ਡੁੱਬਕੀ

Tuesday, Feb 19, 2019 - 12:34 PM (IST)

ਮਾਘ ਦੀ ਪੁੰਨਿਆ ''ਤੇ ਵੱਡੀ ਗਿਣਤੀ ''ਚ ਸ਼ਰਧਾਲੂਆਂ ਨੇ ਲਾਈ ਗੰਗਾ ''ਚ ਡੁੱਬਕੀ

ਪ੍ਰਯਾਗਰਾਜ (ਭਾਸ਼ਾ)— ਹਰ-ਹਰ ਮਹਾਦੇਵ ਅਤੇ ਗੰਗਾ ਮਈਆ ਦੀ ਜਯ ਦੇ ਜੈਕਾਰਿਆਂ ਨਾਲ ਲੱਖਾਂ ਸ਼ਰਧਾਲੂਆਂ ਨੇ ਮਾਘ ਦੀ ਪੁੰਨਿਆ ਦੇ ਸ਼ੁੱਭ ਮੌਕੇ 'ਤੇ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ 'ਚ ਡੁੱਬਕੀ ਲਾਈ। ਸ਼ਰਧਾਲੂਆਂ ਲਈ ਮਾਘ ਦੀ ਪੁੰਨਿਆ ਨੂੰ ਮਹੀਨੇ ਭਰ ਵਿਚ ਚੱਲਣ ਵਾਲੀ ਤਪੱਸਿਆ ਦੀ ਸਮਾਪਤੀ ਮੰਨਿਆ ਜਾਂਦਾ ਹੈ। ਇਕ ਬਜ਼ੁਰਗ ਸਾਧੂ ਨੇ ਦੱਸਿਆ, ''ਆਮ ਤੌਰ 'ਤੇ ਕਲਪਵਾਸੀਆਂ ਦਾ ਮਤਲਬ ਪ੍ਰਯਾਗ ਕੁੰਭ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਨਾਲ ਹੁੰਦਾ ਹੈ। ਉਹ ਇਕ ਮਹੀਨੇ ਤਕ ਗੰਗਾ ਦੇ ਤੱਟ 'ਤੇ ਰਹਿ ਕੇ, ਬੇਹੱਦ ਸਖਤ ਨਿਯਮਾਂ ਨਾਲ ਜੀਵਨ ਜਿਊਣ ਦਾ ਸੰਕਲਪ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਪਵਿੱਤਰ ਇਸ਼ਨਾਨ ਕਰਨ ਤੋਂ ਬਾਅਦ ਉਹ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਣਗੇ।''

ਤੜਕੇ 4 ਵਜੇ ਤੋਂ ਸ਼ਰਧਾਲੂਆਂ ਦੀ ਭਾਰੀ ਭੀੜ ਨੇ ਪਵਿੱਤਰ ਇਸ਼ਨਾਨ ਸ਼ੁਰੂ ਕਰ ਦਿੱਤਾ। ਕੁੰਭ ਨਗਰੀ ਲਈ ਬਣਾਏ ਗਏ ਅਸਥਾਈ ਉੱਪ ਨਗਰ ਕੰਪਲੈਕਸ ਵਿਚ ਵਾਹਨਾਂ ਦੇ ਦਾਖਲ ਹੋਣ 'ਤੇ ਪਾਬੰਦੀ ਲਾਈ ਗਈ। ਦੂਰ-ਦੁਹਾਡੇ ਦੇ ਖੇਤਰਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਘ ਦੀ ਪੁੰਨਿਆ 'ਤੇ ਕੁੰਭ ਮੇਲੇ ਵਿਚ ਲਿਆਉਣ ਲਈ ਪ੍ਰਸ਼ਾਸਨ ਨੇ 49 ਵਿਸ਼ੇਸ਼ ਟਰੇਨਾਂ ਅਤੇ 2500 ਬੱਸਾਂ ਚਲਾਈਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਮਾਘ ਦੀ ਪੁੰਨਿਆ 'ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਓਧਰ ਪ੍ਰਸ਼ਾਸਨ ਮੁਤਾਬਕ ਦਿਨ ਭਰ 'ਚ 1.50 ਕਰੋੜ ਤੋਂ ਵਧ ਸ਼ਰਧਾਲੂਆਂ ਦੇ ਪਵਿੱਤਰ ਇਸ਼ਨਾਨ ਕਰਨ ਦਾ ਅਨੁਮਾਨ ਹੈ। ਭੀੜ ਦੇ ਪ੍ਰਬੰਧਨ ਲਈ 40 ਇਸ਼ਨਾਨ ਘਾਟਾਂ ਦਾ ਨਿਰਮਾਣ ਕੀਤਾ ਗਿਆ ਹੈ।


author

Tanu

Content Editor

Related News