ਉਧਾਰ ਪੈਟਰੋਲ ਪਾਉਣ ਤੋਂ ਮਨ੍ਹਾ ਕਰਨ ’ਤੇ ਪੰਪ ਕਰਿੰਦਿਆਂ ਨੂੰ ਮਾਰੀ ਗੋਲੀ, 1 ਦੀ ਮੌਤ

Saturday, Feb 19, 2022 - 02:42 PM (IST)

ਸਿਰਸਾ (ਵਾਰਤਾ)- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਾਣੀਆਂ ਬਲਾਕ ਦੇ ਪਿੰਡ ਬਚੇਰ ਵਿਖੇ ਮੋਟਰਸਾਈਕਲ ਵਿਚ ਉਧਾਰ ਪੈਟਰੋਲ ਪਾਉਣ ਤੋਂ ਮਨ੍ਹਾ ਕਰਨ ’ਤੇ ਤਿੰਨ ਬਦਮਾਸ਼ਾਂ ਨੇ 2 ਪੰਪ ਕਰਿੰਦਿਆਂ ਨੂੰ ਗੋਲੀ ਮਾਰ ਦਿੱਤੀ। ਪੇਟ ’ਚ ਸਿੱਧੇ ਗੋਲੀ ਲੱਗਣ ਕਾਰਨ ਇਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਪੰਕਜ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਫਿਲਹਾਲ ਜ਼ਖ਼ਮੀ ਅਨਿਲ ਨੂੰ ਇਲਾਜ ਲਈ ਸਿਰਸਾ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਜਾਣਕਾਰੀ ਮੁਤਾਬਕ ਬਚੇਰ-ਨਥੌਰ ਰੋਡ ’ਤੇ ਬਾਲਾ ਜੀ ਪੈਟਰੋ ਸਿਟੀ ਦੇ ਨਾਂ ਤੋਂ ਪੈਟਰੋਲ ਪੰਪ ਹੈ। ਪੰਕਜ ਤੇ ਅਨਿਲ ਦੋਵੇਂ ਪੰਪ ’ਤੇ ਨੌਕਰੀ ਕਰਦੇ ਹਨ। ਅਨਿਲ ਨੇ ਦੱਸਿਆ ਕਿ ਵੀਰਵਾਰ ਨੂੰ ਇਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉਧਾਰ ’ਚ ਪੈਟਰੋਲ ਪਵਾਉਣ ਲਈ ਪੰਪ ’ਤੇ ਆਏ ਸੀ। ਪੰਕਜ ਨੇ ਤੇਲ ਪਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪੰਕਜ ਨੂੰ ਗਾਲ੍ਹਾਂ ਕੱਢੀਆਂ। ਉਨ੍ਹਾਂ ’ਚ ਇਕ ਮੁਲਜ਼ਮ ਸਤਬੀਰ ਨੇ ਪਿਸਤੌਲ ਕੱਢ ਲਈ ਤੇ ਪੰਕਜ ’ਤੇ ਗੋਲੀ ਚਲਾ ਦਿੱਤੀ। ਗੋਲੀ ਪੰਕਜ ਦੇ ਪੇਟ ’ਚ ਲੱਗਣ ਕਰ ਕੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਕੇ ਥੱਲੇ ਡਿੱਗ ਪਿਆ।

ਉਸਨੇ ਦੱਸਿਆ ਕਿ ਸਤਬੀਰ ਦੇ ਨਾਲ ਆਏ ਮਨੀਸ਼ ਨੇ ਮੇਰੇ ਉਪਰ ਗੋਲੀ ਚਲਾਈ ਸੀ। ਗੋਲੀ ਮੇਰੇ ਹੱਥ ਨੂੰ ਟਚ ਕਰਦੀ ਹੋਈ ਨਿਕਲ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਜਸਥਾਨ ਵੱਲ ਭੱਜ ਗਏ। ਅਨਿਲ ਨੇ ਘਟਨਾ ਦੀ ਸੂਚਨਾ ਪੰਪ ਮਾਲਕ ਗਗਨਦੀਪ ਨੂੰ ਦਿੱਤੀ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਰਸਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਪੰਕਜ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਅਗਰੋਹਾ ਰੈਫਰ ਕਰ ਦਿੱਤਾ, ਜਿੱਥੇ ਪੰਕਜ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰਾਣੀਆਂ ਥਾਣਾ ਇੰਚਾਰਜ ਪੁਲਸ ਟੀਮ ਨਾਲ ਮੌਕੇ ’ਤੇ ਪੁੱਜੇ। ਰਾਣੀਆਂ ਥਾਣਾ ਇੰਚਾਰਜ ਸਾਧੂ ਰਾਮ ਨੇ ਦੱਸਿਆ ਕਿ ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇਗੀ।


DIsha

Content Editor

Related News