ਪੈਟਰੋਲ-ਡੀਜ਼ਲ ਦੀਆਂ ਘੱਟ ਗਈਆਂ ਕੀਮਤਾਂ, 6 ਰੁਪਏ ਹੋਇਆ ਸਸਤਾ, ਪਾਕਿ ''ਚ ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

Saturday, May 23, 2026 - 01:14 PM (IST)

ਪੈਟਰੋਲ-ਡੀਜ਼ਲ ਦੀਆਂ ਘੱਟ ਗਈਆਂ ਕੀਮਤਾਂ, 6 ਰੁਪਏ ਹੋਇਆ ਸਸਤਾ, ਪਾਕਿ ''ਚ ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀਂ ਦਿੱਲੀ : ਭਾਰਤ ਵਿੱਚ ਲਗਾਤਾਰ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਉੱਤੇ ਪੈਂਦਾ ਜਾ ਰਿਹਾ ਹੈ। ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਨੇ ਪੈਟਰੋਲ-ਡੀਜ਼ਲ ਦੇ ਸੰਕਟ ਵਿਚਾਲੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਪਾਕਿਸਤਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 6-6 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਆਂ ਕੀਮਤਾਂ ਅੱਜ, 23 ਮਈ ਤੋਂ ਲਾਗੂ ਹੋ ਗਈਆਂ ਹਨ।

ਸਰਕਾਰੀ ਨੋਟੀਫਿਕੇਸ਼ਨ ਅਨੁਸਾਰ, ਪੈਟਰੋਲ ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਲੀਟਰ ਅਤੇ ਹਾਈ ਸਪੀਡ ਡੀਜ਼ਲ (HSD) ਦੀ ਕੀਮਤ ਵਿੱਚ 6.80 ਰੁਪਏ ਦੀ ਕਮੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਪੈਟਰੋਲ ਦੀ ਨਵੀਂ ਕੀਮਤ 403.78 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 402.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਲਗਾਤਾਰ ਦੂਜਾ ਹਫਤਾ ਹੈ ਜਦੋਂ ਪਾਕਿਸਤਾਨ ਵਿੱਚ ਈਂਧਨ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਪਿਛਲੇ ਹਫਤੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਦੀ ਕਟੌਤੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ਇਰਾਨ-ਅਮਰੀਕਾ ਤਣਾਅ ਅਤੇ ਕੱਚੇ ਤੇਲ ਦੇ ਦਬਾਅ ਕਾਰਨ ਪਾਕਿਸਤਾਨ ਸਰਕਾਰ ਹਰ ਸ਼ੁੱਕਰਵਾਰ ਨੂੰ ਕੀਮਤਾਂ ਦੀ ਸਮੀਖਿਆ ਕਰ ਰਹੀ ਹੈ।

ਪਿਛਲੇ ਸਮੇਂ ਵਿੱਚ ਹੋਇਆ ਸੀ ਭਾਰੀ ਵਾਧਾ 

ਭਾਵੇਂ ਹੁਣ ਕੀਮਤਾਂ ਘਟ ਰਹੀਆਂ ਹਨ, ਪਰ ਪਾਕਿਸਤਾਨ ਵਿੱਚ ਪਿਛਲੇ ਮਹੀਨਿਆਂ ਦੌਰਾਨ ਤੇਲ ਦੀਆਂ ਕੀਮਤਾਂ ਵਿੱਚ ਰਿਕਾਰਡ ਉਛਾਲ ਦੇਖਿਆ ਗਿਆ ਸੀ। ਜੰਗ ਦੇ ਹਾਲਾਤਾਂ ਕਾਰਨ 6 ਮਾਰਚ ਨੂੰ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 55 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਸੀ।

ਭਾਰਤ ਦੀ ਸਥਿਤੀ 

ਦੂਜੇ ਪਾਸੇ, ਭਾਰਤ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਚਲਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਵਿੱਚ ਤਿੰਨ ਵਾਰ ਵਿੱਚ ਲਗਭਗ 5 ਰੁਪਏ ਦਾ ਵਾਧਾ ਹੋਇਆ ਹੈ ਅਤੇ ਸ਼ਨੀਵਾਰ ਨੂੰ ਵੀ ਪੈਟਰੋਲ 87 ਪੈਸੇ ਅਤੇ ਡੀਜ਼ਲ 91 ਪੈਸੇ ਮਹਿੰਗਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਸੀ.ਐਨ.ਜੀ (CNG) ਦੀਆਂ ਕੀਮਤਾਂ ਵਿੱਚ ਵੀ 1 ਰੁਪਏ ਦਾ ਵਾਧਾ ਕੀਤਾ ਗਿਆ ਹੈ।


author

DILSHER

Content Editor

Related News