2 ਘੰਟੇ ਤੱਕ ਨਹੀਂ ਮਿਲੀ ਐਂਬੂਲੈਂਸ, ਗਰਭਵਤੀ ਪਤਨੀ ਨੂੰ ਠੇਲ੍ਹੇ ’ਤੇ ਹਸਪਤਾਲ ਲੈ ਕੇ ਪੁੱਜਾ ਸ਼ਖ਼ਸ
Wednesday, Aug 31, 2022 - 05:09 PM (IST)
ਦਮੋਹ- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ’ਚ ਐਂਬੂਲੈਂਸ ਨਾ ਮਿਲਣ ’ਤੇ ਗਰਭਵਤੀ ਪਤਨੀ ਨੂੰ ਠੇਲ੍ਹੇ ’ਤੇ ਬਿਠਾ ਕੇ ਉਸ ਦਾ ਪਤੀ ਹਸਪਤਾਲ ਪਹੁੰਚਿਆ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦਮੋਹ ਜ਼ਿਲ੍ਹਾ ਹੈੱਡਕੁਆਰਟਰ ਤੋਂ 60 ਕਿਲੋਮੀਟਰ ਦੂਰ ਸਨੇਹ ਪਿੰਡ ਦੀ ਹੈ।
ਸੋਸ਼ਲ ਮੀਡੀਆ ’ਤੇ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ’ਚ ਕੈਲਾਸ਼ ਅਹਿਲਵਾਲ ਆਪਣੀ ਪਤਨੀ ਨੂੰ ਠੇਲ੍ਹੇ ’ਤੇ ਹਸਪਤਾਲ ਲਿਜਾਂਦਾ ਵਿਖਾਈ ਦੇ ਰਿਹਾ ਹੈ। ਅਹਿਲਵਾਲ ਨੇ ਕਿਹਾ ਕਿ ਮੰਗਲਵਾਰ ਨੂੰ ਉਸ ਦੀ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਹੋਣ ਲੱਗੀਆਂ ਤਾਂ ਉਸ ਨੇ ਸਰਕਾਰੀ ਐਂਬੂਲੈਂਸ ਸੇਵਾ ਨੂੰ ਫੋਨ ਕੀਤਾ ਪਰ ਦੋ ਘੰਟੇ ਤੱਕ ਕੋਈ ਐਂਬੂਲੈਂਸ ਨਹੀਂ ਆਈ। ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਠੇਲ੍ਹੇ ’ਤੇ ਬਿਠਾਇਆ ਅਤੇ ਸਥਾਨਕ ਸਿਹਤ ਕੇਂਦਰ ਲੈ ਗਿਆ, ਜਿੱਥੇ ਡਾਕਟਰ ਜਾਂ ਨਰਸਾਂ ਮੌਜੂਦ ਨਹੀਂ ਸੀ।
ਓਧਰ ਬਲਾਕ ਦੇ ਮੈਡੀਕਲ ਅਧਿਕਾਰੀ ਆਰ. ਪੀ. ਕੋਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਮਿਲ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਕਾਮਿਆਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ ਕਿ ਗਰਭਵਤੀ ਔਰਤ ਨੂੰ ਹਸਪਤਾਲ ਲੈ ਕੇ ਆਉਣ ਲਈ ਐਂਬੂਲੈਂਸ ਮੁਹੱਈਆ ਕਿਉਂ ਨਹੀਂ ਕਰਵਾਈ ਗਈ। ਕੋਰੀ ਨੇ ਕਿਹਾ ਕਿ ਬਾਅਦ ’ਚ ਔਰਤ ਨੂੰ ਸਰਕਾਰੀ ਐਂਬੂਲੈਂਸ ’ਚ ਹੱਟਾ ਲਿਜਾਇਆ ਗਿਆ, ਜਿੱਥੇ ਸਹੀ ਇਲਾਜ ਨਾ ਮਿਲਣ ’ਤੇ ਉਸ ਨੂੰ ਦਮੋਹ ਜ਼ਿਲ੍ਹਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਹੁਣ ਉਹ ਡਾਕਟਰੀ ਨਿਗਰਾਨੀ ’ਚ ਹੈ।