ਅਸਹਿਣਸ਼ੀਲਤਾ ਪੈਦਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦਰਮਿਆਨ ਲੋਕਾਂ ਨੂੰ ਇਕਜੁਟ ਰਹਿਣਾ ਚਾਹੀਦਾ- ਮਮਤਾ
Monday, Jun 26, 2017 - 04:33 PM (IST)

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ 'ਚ ਅਸਹਿਣਸ਼ੀਲਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਕਜੁਟ ਰਹਿਣ ਦੀ ਅਪੀਲ ਕੀਤੀ। ਈਦ-ਉਲ-ਫਿਤਰ ਮੌਕੇ ਇਕ ਸੰਦੇਸ਼ 'ਚ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਨੂੰ ਵੰਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਅਜਿਹਾ ਸਮਾਂ ਹੈ, ਜਦੋਂ ਲੋਕਾਂ ਨੂੰ ਸਾਹਸ ਅਤੇ ਦ੍ਰਿੜ ਵਿਸ਼ਵਾਸ ਦਿਖਾਉਣਾ ਚਾਹੀਦਾ। ਅਸਹਿਣਸ਼ੀਲਤਾ ਦਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਕਜੁਟ ਹਾਂ, ਸਾਡੇ ਸਾਰਿਆਂ ਲਈ ਹੈ। ਅਸੀਂ ਪਹਿਲੇ ਇਨਸਾਨ ਹਾਂ, ਬਾਅਦ 'ਚ ਹਿੰਦੂ, ਮੁਸਲਿਮ ਜਾਂ ਈਸਾਈ ਹਾਂ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਲਈ ਕੰਮ ਕਰਦੇ ਹਾਂ, ਭਾਵੇਂ ਹਿੰਦੂ, ਮੁਸਲਿਮ, ਈਸਾਈ, ਸਿੱਖ ਜਾਂ ਜੈਨ ਕੋਈ ਵੀ ਹੋਵੇ। ਮਮਤਾ ਨੇ ਕਿਹਾ ਕਿ ਜਦੋਂ ਤੱਕ ਅਸੀਂ ਜਿਉਂਦੇ ਹਾਂ, ਉਦੋਂ ਤੱਕ ਅਸੀਂ ਮਨੁੱਖਤਾ ਦੀ ਰੱਖਿਆ ਕਰਾਂਗੇ। ਅਸੀਂ ਕਿਸੇ ਨੂੰ ਲੋਕਾਂ ਦਰਮਿਆਨ ਕਿਸੇ ਤਰ੍ਹਾਂ ਦੀ ਖੱਡ ਪੈਦਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਸਾਰੇ ਇਕਜੁਟ ਖੜੇ ਹਾਂ। ਕੋਈ ਵੀ ਸਾਨੂੰ ਤੋੜ ਨਹੀਂ ਸਕਦਾ। ਅਸੀਂ ਸਾਰਿਆਂ ਲਈ ਹਾਂ ਅਤੇ ਅਸੀਂ ਸਾਰਿਆਂ ਲਈ ਲੜ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਸਦਭਾਵਨਾ ਬਣਾਏ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੀ ਹਾਂ ਅਤੇ ਸਾਰਿਆਂ ਦੀ ਸਿਹਤ ਅਤੇ ਬਿਹਤਰੀ ਦੀ ਪ੍ਰਾਰਥਨਾ ਕਰਾਂਗੀ।