ਕਰਨਾਟਕ ''ਚ ਲੋਕਾਂ ਨੇ ਕਾਂਗਰਸ ਦੀਆਂ 5 ਗਾਰੰਟੀਆਂ ਦੇ ਪੱਖ ''ਚ ਕੀਤਾ ਵੋਟ : ਖੜਗੇ
Saturday, May 13, 2023 - 02:25 PM (IST)
ਬੈਂਗਲੁਰੂ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਚੰਗੇ ਪ੍ਰਦਰਸ਼ਨ ਨੂੰ ਜਨਤਾ ਦੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਾਂ ਨੇ ਭਾਜਪਾ ਦੇ ਖ਼ਰਾਬ ਪ੍ਰਦਰਸ਼ਨ ਅਤੇ ਕਾਂਗਰਸ ਦੀਆਂ 5 ਗਾਰੰਟੀਆਂ ਦੇ ਪੱਖ 'ਚ ਵੋਟ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਨਵੇਂ ਚੁਣੇ ਵਿਧਾਇਕਾਂ ਨੂੰ ਅੱਜ ਸ਼ਾਮ ਤੱਕ ਬੈਂਗਲੁਰੂ ਪਹੁੰਚਣ ਲਈ ਕਿਹਾ ਗਿਆ ਹੈ ਤਾਂ ਕਿ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਸਕੇ। ਖੜਗੇ ਨੇ ਕਿਹਾ,''ਅਸੀਂ ਸਾਰਿਆਂ (ਨਵੇਂ ਚੁਣੇ ਵਿਧਾਇਕਾਂ) ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਅੱਜ ਸ਼ਾਮ ਤੱਕ ਇੱਥੇ ਪਹੁੰਚਣ। ਉਹ ਸ਼ਾਮ ਤੱਕ ਇੱਥੇ ਆਉਣਗੇ। ਇਸ ਤੋਂ ਬਾਅਦ ਹਾਈ ਕਮਾਨ ਸੁਪਰਵਾਈਜ਼ ਭੇਜੇਗਾ ਅਤੇ ਫਿਰ ਸਰਕਾਰ ਗਠਨ ਦੀ ਪ੍ਰਕਿਰਿਆ ਹੋਵੇਗੀ।''
ਇਹ ਵੀ ਪੜ੍ਹੋ : ਕਰਨਾਟਕ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਦਿੱਤੀਆਂ ਇਹ 5 ਗਰੰਟੀਆਂ
ਉਨ੍ਹਾਂ ਨੇ ਕਾਂਗਰਸ ਦੀ ਜਿੱਤ ਦਾ ਸਿਹਰਾ ਜਨਤਾ ਨੂੰ ਦਿੰਦੇ ਹੋਏ ਕਿਹਾ,''ਕਾਂਗਰਸ ਦਾ ਚੰਗਾ ਪ੍ਰਦਰਸ਼ਨ ਜਨਤਾ ਦੀ ਜਿੱਤ ਹੈ।'' ਕਾਂਗਰਸ ਪ੍ਰਧਾਨ ਅਨੁਸਾਰ,''ਲੋਕ ਖੁਦ ਖੜ੍ਹੇ ਹੋਏ ਅਤੇ ਸਾਡਾ ਸਮਰਥਨ ਕੀਤਾ। ਉਨ੍ਹਾਂ ਨੇ ਭਾਜਪਾ ਦੇ ਖ਼ਰਾਬ ਪ੍ਰਦਰਸ਼ਨ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਵੋਟਿੰਗ ਕੀਤੀ। ਇਹ ਦਿਖਾਉਂਦਾ ਹੈ ਕਿ ਕਰਨਾਟਕ ਦੇ ਵੋਟਰ ਜਾਗ ਗਏ ਹਨ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਕਈ ਮੁੱਖ ਮੰਤਰੀਆਂ ਦੇ ਪ੍ਰਚਾਰ ਕਰਨ ਅਤੇ ਪੈਸਿਆਂ ਦਾ ਇਸਤੇਮਾਲ ਕੀਤੇ ਜਾਣ ਦੇ ਬਾਵਜੂਦ ਲੋਕਾਂ ਨੇ ਇਕਜੁਟ ਹੋ ਕੇ ਕਾਂਗਰਸ ਦੇ ਪੱਖ 'ਚ ਵੋਟਿੰਗ ਕੀਤੀ।'' ਉਨ੍ਹਾਂ ਕਿਹਾ ਕਿ ਕਰਨਾਟਕ ਦੀ ਜਨਤਾ ਨੇ ਕਾਂਗਰਸ ਦੀਆਂ 5 ਗਾਰੰਟੀਆਂ ਲਈ ਵੋਟਿੰਗ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ