ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਅਤੇ ਚਮੜੀ ਪ੍ਰਭਾਵਿਤ

Saturday, Apr 16, 2022 - 03:48 PM (IST)

ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਅਤੇ ਚਮੜੀ ਪ੍ਰਭਾਵਿਤ

ਨਵੀਂ ਦਿੱਲੀ (ਭਾਸ਼ਾ)- ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਲੋਕਾਂ ਵਿਚ ਸਾਹ ਚੜ੍ਹਨਾ, ਅੱਖਾਂ ਦੀ ਸਮੱਸਿਆ, ਮਾਸਪੇਸ਼ੀਆਂ ਦੀ ਕਮਜ਼ੋਰੀ, ਇਕਾਗਰਤਾ ਦੀ ਕਮੀ, ਭਾਰ ਘਟਣਾ, ਨੀਂਦ ਨਾ ਆਉਣਾ ਆਮ ਤੌਰ 'ਤੇ ਦੇਖਿਆ ਜਾਂਦਾ ਹੈ। ਸਿਹਤ ਮਾਹਿਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ 'ਚ ਕੋਵਿਡ-19 ਦੇ ਮਾਮਲੇ ਸਥਿਰ ਹੋ ਗਏ ਹਨ ਪਰ ਲੰਬੇ ਸਮੇਂ ਤੋਂ ਕੋਵਿਡ ਦੇ ਕਈ ਰੂਪ ਵੱਖ-ਵੱਖ ਲੱਛਣਾਂ ਦੇ ਨਾਲ ਦੇਖੇ ਗਏ ਹਨ। ਲੰਬੇ ਸਮੇਂ ਤੋਂ ਕੋਵਿਡ ਨਾਲ ਜੂਝ ਰਹੇ ਮਰੀਜ਼ਾਂ ਦੀ ਅਧਿਕਾਰਤ ਤੌਰ 'ਤੇ ਕੋਈ ਨਿਸ਼ਚਿਤ ਗਿਣਤੀ ਨਹੀਂ ਹੈ ਪਰ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਮੌਜੂਦਾ ਸਬੂਤ ਦੱਸਦੇ ਦਿੰਦੇ ਹਨ ਕਿ ਲਗਭਗ 10 ਤੋਂ 20 ਫੀਸਦੀ ਲੋਕ ਸ਼ੁਰੂਆਤੀ ਲਾਗ਼ ਤੋਂ ਠੀਕ ਹੋਣ ਤੋਂ ਬਾਅਦ ਵੀ ਵੱਖ-ਵੱਖ ਤਰ੍ਹਾਂ ਦੇ ਲੰਬੇ ਸਮੇਂ ਦੇ ਕਈ ਪ੍ਰਭਾਵਾਂ ਦਾ ਸਾਹਮਣਾ ਕਰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਆਮ ਤੌਰ 'ਤੇ ਲਾਗ਼ ਦੀ ਸ਼ੁਰੂਆਤ ਤੋਂ ਅਗਲੇ ਤਿੰਨ ਮਹੀਨਿਆਂ ਤੱਕ ਦੇਖਿਆ ਜਾ ਸਕਦਾ ਹੈ ਅਤੇ ਘੱਟੋ-ਘੱਟ 2 ਮਹੀਨਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਅਮਰੀਕਾ ਤੋਂ ਬਾਅਦ ਭਾਰਤ 'ਚ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ ਲਗਭਗ 4,30,40,947 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ ਅਤੇ ਲਗਭਗ 5,21,747 ਮਰੀਜ਼ਾਂ ਦੀ ਮੌਤ ਹੋ ਗਈ।

ਦਵਾਰਕਾ ਸਥਿਤ ਆਕਾਸ਼ ਹੈਲਥਕੇਅਰ 'ਚ ਸੀਨੀਅਰ ਸਲਾਹਕਾਰ ਅਤੇ ਮੁਖੀ ਡਾਕਟਰ ਰਾਕੇਸ਼ ਪੰਡਿਤ ਨੇ ਦੱਸਿਆ ਕਿ 25 ਤੋਂ 50 ਸਾਲ ਦੀ ਉਮਰ ਵਰਗ ਦੇ ਲੋਕ ਲੰਬੇ ਸਮੇਂ ਤੋਂ ਕੋਵਿਡ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੀਆਂ ਵੱਖ-ਵੱਖ ਲਹਿਰਾਂ ਦੌਰਾਨ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਦੇ ਮਰੀਜ਼ ਜਿਨ੍ਹਾਂ ਨੂੰ ਵੈਂਟੀਲੇਟਰਾਂ ਦੀ ਲੋੜ ਸੀ, ਉਨ੍ਹਾਂ ਦੇ ਫੇਫੜਿਆਂ ਨੂੰ ਸਥਾਈ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਕੋਵਿਡ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਲੱਛਣ ਦਿਮਾਗੀ ਪ੍ਰਣਾਲੀ (ਤੰਤੂ ਪ੍ਰਣਾਲੀ), ਗੁਰਦੇ, ਪੇਟ ਦੀਆਂ ਸਮੱਸਿਆਵਾਂ (ਗੈਸਟ੍ਰੋ ਆਂਤੜੀ ਟ੍ਰੈਕਟ) ਅਤੇ ਨਿਊਰੋਮਸਕੂਲਰ ਅਤੇ (ਮਸੂਕਲੋਸਕੇਲਟਲ ਪ੍ਰਣਾਲੀ) ਯਾਨੀ ਪਿੰਜਰ ਅਤੇ ਮਾਸਪੇਸ਼ੀਆਂ ਦੇ ਇਕੱਠੇ ਕੰਮ ਕਰਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੇ ਹਨ, ਡਾਕਟਰ ਨੇ ਕਿਹਾ ਕਿ ਸਾਹ ਚੜ੍ਹਨ ਦੀ ਸਮੱਸਿਆ ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਕੋਵਿਡ ਦੇ ਖਾਸ ਪ੍ਰਭਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ "ਤੀਬਰ ਸਾਹ ਦੀ ਤਕਲੀਫ ਸਿੰਡਰੋਮ" ਇਕ ਵਧੇਰੇ ਗੰਭੀਰ ਲੱਛਣ ਹੈ ਅਤੇ ਕੁਝ ਲੋਕਾਂ ਨੂੰ ਫੇਫੜਿਆਂ ਦੇ ਸਥਾਈ ਨੁਕਸਾਨ ਲਈ ਜਾਣਿਆ ਜਾਂਦਾ ਹੈ। ਡਾਕਟਰ ਪੰਡਿਤ ਨੇ ਦੱਸਿਆ ਕਿ ਉਨ੍ਹਾਂ 'ਚੋਂ ਕੁਝ ਨੂੰ 'ਡਿਮੇਨਸ਼ੀਆ' ਅਤੇ ਵਾਲ ਝੜਨ ਦੀ ਸਮੱਸਿਆ ਹੋਈ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵਿਚ ਚਮੜੀ ਅਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਪਤਾ ਲੱਗਿਆ ਹੈ। ਕੁਝ ਲੋਕਾਂ ਦਾ ਭਾਰ ਲਗਭਗ 15 ਤੋਂ 20 ਕਿਲੋ ਤੱਕ ਘੱਟ ਗਿਆ, ਜਦੋਂ ਕਿ ਕੁਝ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਉਹ ਅਜੇ ਤੱਕ ਠੀਕ ਨਹੀਂ ਹੋ ਸਕੇ ਹਨ। ਦਿੱਲੀ ਦੇ ਸ਼ਾਲੀਮਾਰ ਬਾਗ ਸਥਿਤ ਫੋਰਟਿਸ ਹਸਪਤਾਲ ਦੇ ਸਾਹ ਦੀ ਦਵਾਈ ਵਿਭਾਗ ਦੇ ਪ੍ਰਮੁੱਖ ਨਿਰਦੇਸ਼ਕ ਡਾ: ਵਿਕਾਸ ਮੌਰਿਆ ਨੇ ਕਿਹਾ ਕਿ ਮਰੀਜ਼ਾਂ ਵਿਚ ਲੰਬੇ ਸਮੇਂ ਤੋਂ ਕੋਵਿਡ ਦੇ ਲੱਛਣ ਦੇਖੇ ਗਏ ਹਨ ਜਿਨ੍ਹਾਂ ਵਿਚ ਦਿਲ ਦੀ ਧੜਕਣ ਵਧਣਾ, ਗੰਧ ਅਤੇ ਸੁਆਦ ਦੀ ਕਮੀ, ਡਿਪਰੈਸ਼ਨ ਅਤੇ ਚਿੰਤਾ, ਬੁਖਾਰ, ਖੜ੍ਹੇ ਹੋਣ 'ਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਵੀ ਹਨ ਅਤੇ ਕੋਈ ਵੀ ਸਰੀਰਕ ਜਾਂ ਮਾਨਸਿਕ ਗਤੀਵਿਧੀ ਕਰਨ ਤੋਂ ਬਾਅਦ ਇਹ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਕਿਹਾ,"ਇਹ ਲੱਛਣ ਪਹਿਲਾਂ ਤੋਂ ਹੀ ਦੂਜੀਆਂ ਬਿਮਾਰੀਆਂ ਤੋਂ ਪੀੜਤ ਜਾਂ ਬਜ਼ੁਰਗਾਂ ਵਿੱਚ ਗੰਭੀਰ ਹੁੰਦੇ ਹਨ। ਜਿਨ੍ਹਾਂ ਮਰੀਜ਼ਾਂ ਵਿਚ ਕੋਵਿਡ ਦੇ ਹਲਕੇ ਲੱਛਣ ਸਨ, ਉਨ੍ਹਾਂ ਵਿਚ ਵੀ ਇਹ ਲੱਛਣ ਦਿਖਾਈ ਦੇ ਸਕਦੇ ਹਨ।" 


author

DIsha

Content Editor

Related News