ਮੁੰਬਈ ’ਚ ਦੂਜੇ ਦਿਨ ’ਚ ਨਹੀਂ ਮਿਲੀ ‘ਕੋਵੈਕਸੀਨ’ ਦੀ ਖ਼ੁਰਾਕ, ਲੋਕਾਂ ’ਚ ਨਾਰਾਜ਼ਗੀ

Monday, May 10, 2021 - 05:29 PM (IST)

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਲਗਾਤਾਰ ਦੂਜੇ ਦਿਨ ਸੋਮਵਾਰ ਨੂੰ ਕੋਵਿਡ-19 ਟੀਕੇ ਕੋਵੈਕਸੀਨ ਦੀ ਖ਼ੁਰਾਕ ਨਾ ਉਪਲੱਬਧ ਹੋਣ ਕਾਰਨ ਟੀਕਾਕਰਨ ਕੇਂਦਰਾਂ ਤੋਂ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ। ਇਹ ਲੋਕ ਟੀਕੇ ਦੀ ਦੂਜੀ ਖ਼ੁਰਾਕ ਲੈਣ ਲਈ ਟੀਕਾਕਰਨ ਕੇਂਦਰਾਂ ’ਤੇ ਆਏ ਸਨ। ਬੀ. ਐੱਮ. ਸੀ. ਨੇ ਸੋਮਵਾਰ ਨੂੰ ਟਵਿੱਟਰ ’ਤੇ ਉਨ੍ਹਾਂ 105 ਟੀਕਾਕਰਨ ਕੇਂਦਰਾਂ ਦੀ ਸੂਚੀ ਸਾਂਝੀ ਕੀਤੀ, ਜਿੱਥੇ ਟੀਕੇ ਦੀ ਖ਼ੁਰਾਕ ਉਪਲੱਬਧ ਰਹੀ ਪਰ ਇਨ੍ਹਾਂ ਕੇਂਦਰਾਂ ’ਤੇ ਸਿਰਫ ਕੋਵੀਸ਼ੀਲਡ ਟੀਕੇ ਦੀ ਖ਼ੁਰਾਕ ਹੀ ਉਪਲੱਬਧ ਸੀ।

 

ਇਸ ਤੋਂ ਪਹਿਲਾਂ ਕੋਵੈਕਸੀਨ ਟੀਕੇ ਦੀ ਖ਼ੁਰਾਕ ਨਾ ਉਪਲੱਬਧ ਹੋਣ ਕਾਰਨ ਐਤਵਾਰ ਨੂੰ ਵੀ ਟੀਕਾਕਰਨ ਮੁਹਿੰਮ ਪ੍ਰਭਾਵਿਤ ਰਹੀ ਸੀ। ਕੋਵੈਕਸੀਨ ਟੀਕੇ ਦੀ ਦੂਜੀ ਖ਼ੁਰਾਕ ਲੈਣ ਆਏ ਕਈ ਲੋਕਾਂ ਨੇ ਗੁੱਸੇ ਅਤੇ ਨਾਰਾਜ਼ਗੀ ਦਾ ਇਜ਼ਹਾਰ ਕੀਤਾ। ਕਈ ਲੋਕਾਂ ਨੇ ਕਿਹਾ ਕਿ ਉਹ 42 ਦਿਨ ਪਹਿਲਾਂ ਟੀਕੇ ਦੀ ਪਹਿਲੀ ਖ਼ੁਰਾਕ ਲੈ ਚੁੱਕੇ ਹਨ। 

PunjabKesari

ਟੀਕਾਕਰਨ ਨੂੰ ਲੈ ਕੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਵੈਕਸੀਨ ਟੀਕੇ ਦੀ ਪਹਿਲੀ ਅਤੇ ਦੂਜੀ ਖ਼ੁਰਾਕ ਵਿਚਾਲੇ 4 ਤੋਂ 6 ਹਫ਼ਤਿਆਂ ਦਾ ਵਕਫ਼ਾ ਹੋਣਾ ਚਾਹੀਦਾ ਹੈ, ਜਦਕਿ ਕੋਵੀਸ਼ੀਲਡ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਵਿਚ 4 ਤੋਂ 8 ਹਫ਼ਤਿਆਂ ਦਾ ਵਕਫ਼ਾ ਹੋ ਸਕਦਾ ਹੈ। ਬੀ. ਐੱਮ. ਸੀ. ਦੀ ਰਿਪੋਰਟ ਮੁਤਾਬਕ ਮੁੰਬਈ ’ਚ 1,76,505 ਲੋਕਾਂ ਨੇ ਕੋਵੈਕਸੀਨ ਟੀਕੇ ਦੀ ਖ਼ੁਰਾਕ ਲਈ ਹੈ, ਜਿਸ ’ਚ 1,20,167 ਲੋਕ ਟੀਕੇ ਦੀ ਪਹਿਲੀ ਖ਼ੁਰਾਕ ਜਦਕਿ 56,338 ਲੋਕ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ। ਰਿਪੋਰਟ ਮੁਤਾਬਕ ਮੁੰਬਈ ’ਚ ਹੁਣ ਤੱਕ 27,00,431 ਲੋਕ ਕੋਵਿਡ-19 ਦਾ ਟੀਕਾ ਲਗਵਾ ਚੁੱਕੇ ਹਨ, ਜਿਸ ’ਚੋਂ 20,52,963 ਲੋਕ ਟੀਕੇ ਦੀ ਪਹਿਲੀ ਖ਼ੁਰਾਕ ਜਦਕਿ 6,47,468 ਲੋਕ ਟੀਕੇ ਦੀ ਦੋਵੇਂ ਖ਼ੁਰਾਕਾਂ ਲੈ ਚੁੱਕੇ ਹਨ। ਮੌਜੂਦਾ ਸਮੇਂ ਵਿਚ ਮੁੰਬਈ ’ਚ ਕੁੱਲ 175 ਟੀਕਾਕਰਨ ਕੇਂਦਰ ਹਨ, ਜਿਨ੍ਹਾਂ ’ਚ 81 ਦਾ ਸੰਚਾਲਨ ਬੀ. ਐੱਮ. ਸੀ. ਵਲੋਂ ਕੀਤਾ ਜਾਂਦਾ ਹੈ, ਜਦਕਿ 20 ਸੂਬਾ ਸਰਕਾਰ ਅਤੇ 74 ਪ੍ਰਾਈਵੇਟ ਟੀਕਾਕਰਨ ਕੇਂਦਰ ਹਨ।
 


Tanu

Content Editor

Related News