ਸੌਰ ਮੰਡਲ ਤੋਂ ਬਾਹਰ ਗ੍ਰਹਿਆਂ ’ਤੇ ਜੀਵਨ ਦੀ ਸੰਭਾਵਨਾ ਦੀ ਪੜਚੋਲ ਕਰੇਗਾ ਪੇਲੋਡ
Thursday, Aug 24, 2023 - 02:21 PM (IST)
ਨਵੀਂ ਦਿੱਲੀ- ਚੰਦਰਯਾਨ-3 ਦੇ ਪ੍ਰੋਪਲਸ਼ਨ ਮਾਡਿਊਲ ਦਾ ‘ਐੱਸ. ਐੱਚ. ਏ. ਪੀ. ਈ.’ ਪੇਲੋਡ ਇਸ ਮਿਸ਼ਨ ਦੀ ਇਕ ਹੋਰ ਵਿਸ਼ੇਸ਼ਤਾ ਹੈ। ਐੱਸ. ਐੱਚ. ਏ. ਪੀ. ਈ. ਭਾਵ ‘ਸਪੈਕਟਰੋ-ਪੋਲਾਰੀਮੈਟਰੀ ਆਫ਼ ਹੈਬੀਟੇਬਲ ਪਲਾਨੇਟ ਅਰਥ’ ਇਕ ਪ੍ਰਯੋਗਾਤਮਕ ਪੇਲੋਡ ਹੈ ਜੋ ਚੰਦਰਯਾਨ-3 ’ਤੇ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨਿਅਰ ਇਨਫਰਾਰੈੱਡ ਵੈਵਲੈਂਥ ਰੇਂਜ ਵਿਚ ਧਰਤੀ ਦੀਆਂ ਸਪੈਕਟ੍ਰੋ-ਪੋਲਰੀਮੀਟ੍ਰਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕੀਤਾ ਜਾ ਸਕੇ।
ਇਹ ਚੰਦਰਯਾਨ-3 ਮਿਸ਼ਨ ਦੇ ਪ੍ਰੋਪਲਸ਼ਨ ਮਾਡਿਊਲ ਵਿਚ ਮੌਜੂਦਾ ਇਕੋ-ਇਕ ਵਿਗਿਆਨੀ ਪੇਲੋਡ ਹੈ। ਐੱਸ. ਐੱਚ. ਏ. ਪੀ. ਈ. ਪੇਲੋਡ ਨਾਲ ਜਿਨ੍ਹਾਂ ਮੁੱਖ ਵਿਗਿਆਨੀ ਗੁੱਥੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਉਨ੍ਹਾਂ ਵਿਚ ਧਰਤੀ ਵਰਗੇ ਐਕਸੋ-ਪਲਾਨੇਟ (ਸਾਡੇ ਸੌਰ ਮੰਡਲ ਦੇ ਬਾਹਰ ਸਥਿਤ ਗ੍ਰਹਿ) ਦਾ ਡਿਸਕ-ਏਕੀਕ੍ਰਿਤ ਸਪੈਕਟ੍ਰਮ ਕੀ ਹੋ ਸਕਦਾ ਹੈ ਅਤੇ ਧਰਤੀ ਵਰਗੇ ਐਕਸੋ-ਪਲਾਨੇਟ ਨਾਲ ਡਿਸਕ-ਏਕੀਕ੍ਰਿਤ ਧਰੁਵੀਕਰਨ ਕੀ ਹੋ ਸਕਦਾ ਹੈ, ਵਰਗੇ ਭੇਦ ਸ਼ਾਮਲ ਹਨ।
ਚੰਦਰਯਾਨ-3 ਮਿਸ਼ਨ ਨੇ 17 ਅਗਸਤ ਨੂੰ ਇਕ ਵੱਡੀ ਕਾਮਯਾਬੀ ਹਾਸਲ ਕੀਤੀ, ਜਦੋਂ ਰੋਵਰ ਨਾਲ ਲੈਸ ਲੈਂਡਰ ਮਾਡਿਊਲ ਯਾਨ ਦੇ ਪ੍ਰੋਪਲਸ਼ਨ ਮਾਡਿਊਲ ਨਾਲੋਂ ਸਫਲਤਾਪੂਰਵਕ ਵੱਖ ਹੋ ਗਿਆ ਜਿਸ ਵਿਚ ਐੱਸ. ਐੱਚ. ਏ. ਪੀ. ਈ. ਪੇਲੋਡ ਮੌਜੂਦ ਹੈ। ਭਵਿੱਖ ਵਿਚ ਪ੍ਰਤੀਬਿੰਬਿਤ ਰੋਸ਼ਨੀ ਵਿਚ ਛੋਟੇ ਗ੍ਰਹਿਆਂ ਦੀ ਖੋਜ ਐੱਸ. ਐੱਚ. ਏ. ਪੀ. ਈ. ਪੇਲੋਡ ਦਾ ਇਕ ਮੁੱਖ ਟੀਚਾ ਹੋਵੇਗਾ ਜਿਸ ਨਾਲ ਇਸਰੋ ਨੂੰ ਅਜਿਹੇ ਐਕਸੋ-ਪਲਾਨੇਟ ਦੇ ਭੇਦਾਂ ਦੀ ਪੜਚੋਲ ਕਰਨ ਵਿਚ ਮਦਦ ਮਿਲੇਗੀ ਜੋ ਜੀਵਨ ਅਤੇ ਰਹਿਣ ਯੋਗ ਹੋ ਸਕਦੇ ਹਨ।