ਪਲੇਟਲੈਟਸ ਦੀ ਜਗ੍ਹਾ ਚੜ੍ਹਾਇਆ ਮੋਸੰਮੀ ਦਾ ਜੂਸ, ਮਰੀਜ਼ ਦੀ ਮੌਤ ਤੋਂ ਬਾਅਦ ਹਸਪਤਾਲ ਸੀਲ

Friday, Oct 21, 2022 - 10:22 AM (IST)

ਪ੍ਰਯਾਗਰਾਜ (ਭਾਸ਼ਾ)- ਪ੍ਰਯਾਗਰਾਜ ਜ਼ਿਲ੍ਹੇ 'ਚ ਡੇਂਗੂ ਦੇ ਇਕ ਮਰੀਜ਼ ਨੂੰ ਪਲੇਟਲੈਟਸ ਦੀ ਜਗ੍ਹਾ ਮੋਸੰਮੀ ਦਾ ਜੂਸ ਚੜ੍ਹਾਏ ਜਾਣ ਨੂੰ ਲੈ ਕੇ ਇੱਥੇ ਇਕ ਨਿੱਜੀ ਹਸਪਤਾਲ ਨੂੰ ਵੀਰਵਾਰ ਨੂੰ ਸੀਲ ਕਰ ਦਿੱਤਾ ਗਿਆ। ਮਰੀਜ਼ ਦੀ ਬਾਅਦ 'ਚ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਦੇ ਟਵੀਟ ਅਤੇ ਆਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਹਸਪਤਾਲ ਨੂੰ ਸੀਲ ਕਰ ਦਿੱਤਾ, ਜਿੱਥੇ ਮਰੀਜ਼ ਨੂੰ ਕਥਿਤ ਤੌਰ 'ਤੇ ਮੌਸੰਬੀ ਦਾ ਜੂਸ ਚੜ੍ਹਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਰੀਜ਼ ਪ੍ਰਦੀਪ ਪਾਂਡੇ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇਕ ਹੋਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਾਲਾਂਕਿ ਘਟਨਾ ਦੇ ਸਬੰਧ 'ਚ ਸਥਾਨਕ ਪੁਲਸ ਸਟੇਸ਼ਨ 'ਚ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ। ਨਿੱਜੀ ਹਸਪਤਾਲ ਦੇ ਮਾਲਕ ਨੇ ਦਾਅਵਾ ਕੀਤਾ ਕਿ ਪਲੇਟਲੈਟਸ ਕਿਸੇ ਹੋਰ ਮੈਡੀਕਲ ਸੈਂਟਰ ਤੋਂ ਲਿਆਂਦੇ ਗਏ ਸਨ ਅਤੇ ਪਲੇਟਲੈਟਸ ਦੇ ਤਿੰਨ ਯੂਨਿਟ ਚੜ੍ਹਾਉਣ ਤੋਂ ਬਾਅਦ ਮਰੀਜ਼ ਨੂੰ ਤਕਲੀਫ਼ ਹੋਣ ਲੱਗੀ ਸੀ। ਉੱਪ ਮੁੱਖ ਮੰਤਰੀ ਪਾਠਕ ਨੇ ਟਵੀਟ ਕੀਤਾ,''ਪ੍ਰਯਾਗਰਾਜ ਦੇ ਗਲੋਬਲ ਹਸਪਤਾਲ ਝਲਵਾ 'ਚ ਡੇਂਗੂ ਦੇ ਮਰੀਜ਼ ਨੂੰ ਪਲੇਟਲੈਟਸ ਦੀ ਬਜਾਏ ਮੋਸੰਮੀ ਦਾ ਜੂਸ ਚੜ੍ਹਾਉਣ ਦੀ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦਿਆਂ ਮੇਰੇ ਆਦੇਸ਼ਾਂ ਮੁਤਾਬਕ ਹਸਪਤਾਲ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ ਅਤੇ ਪਲੇਟਲੈਟਸ ਨੂੰ ਜਾਂਚ ਲਈ ਭੇਜਿਆ ਗਿਆ ਹੈ।'' 

ਇਹ ਵੀ ਪੜ੍ਹੋ : ਭਾਰਤੀ ਦੂਤਘਰ ਨੇ ਭਾਰਤੀਆਂ ਨੂੰ ਜਲਦ ਤੋਂ ਜਲਦ ਯੂਕ੍ਰੇਨ ਛੱਡਣ ਦੀ ਦਿੱਤੀ ਸਲਾਹ

ਉਨ੍ਹਾਂ ਕਿਹਾ,''ਜੇਕਰ ਹਸਪਤਾਲ ਪ੍ਰਬੰਧਨ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।'' ਸੂਤਰਾਂ ਅਨੁਸਾਰ, ਮਰੀਜ਼ ਦੀ ਮੌਤ ਗਲਤ ਪਲੇਟਲੈਟਸ ਚੜ੍ਹਾਏ ਜਾਣ ਕਾਰਨ ਹੋਈ ਅਤੇ ਇਨ੍ਹਾਂ ਪਲੇਟਲੈਟਸ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ। ਧੂਮਨਗੰਜ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਹਸਪਤਾਲ ਨੂੰ ਸੀਲ ਕਰਨ ਦਾ ਕਾਰਨ ਪੁੱਛੇ ਜਾਣ 'ਤੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਦੇ ਨਿਰਦੇਸ਼ 'ਤੇ ਹਸਪਤਾਲ ਨੂੰ ਸੀਲ ਕੀਤਾ ਗਿਆ ਹੈ ਅਤੇ ਨਮੂਨੇ ਦੀ ਜਾਂਚ ਹੋਣ ਤੱਕ ਹਸਪਤਾਲ ਸੀਲ ਰਹੇਗਾ। ਇਹ ਪੁੱਛੇ ਜਾਣ 'ਤੇ ਕਿ ਨਮੂਨੇ ਦੀ ਜਾਂਚ ਕੌਣ ਕਰੇਗਾ, ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ ਡਰੱਗ ਇੰਸਪੈਕਟਰ ਤੋਂ ਕਰਵਾਏਗੀ। ਉੱਥੇ ਹੀ ਧੂਮਨਗੰਜ ਸਥਿਤ ਹਸਪਤਾਲ ਦੇ ਮਾਲਕ ਸੌਰਭ ਮਿਸ਼ਰਾ ਨੇ ਦੱਸਿਆ ਕਿ ਪ੍ਰਦੀਪ ਪਾਂਡੇ ਡੇਂਗੂ ਨਾਲ ਪੀੜਤ ਸੀ ਅਤੇ ਉਹ ਉਨ੍ਹਾਂ ਦੇ ਹਸਪਤਾਲ 'ਚ ਦਾਖ਼ਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮਰੀਜ਼ ਦਾ ਪਲੇਟਲੈਟਸ ਦਾ ਪੱਧਰ ਡਿੱਗ ਕੇ 17 ਹਜ਼ਾਰ 'ਤੇ ਆਉਣ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਸਵਰੂਪ ਰਾਣੀ ਨਹਿਰੂ (ਐੱਸ.ਆਰ.ਐੱਨ.) ਹਸਪਤਾਲ ਤੋਂ 5 ਯੂਨਿਟ ਪਲੇਟਲੈਟਸ ਲੈ ਕੇ ਆਏ ਪਰ ਤਿੰਨ ਯੂਨਿਟ ਪਲੇਟਲੈਟਸ ਚੜ੍ਹਾਉਣ ਤੋਂ ਬਾਅਦ ਮਰੀਜ਼ ਨੂੰ ਪਰੇਸ਼ਾਨੀ ਹੋਈ ਤਾਂ ਡਾਕਟਰਾਂ ਨੇ ਪਲੇਟਲੈਟਸ ਚੜ੍ਹਾਉਣਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਲੇਟਲੈਟਸ ਦੀ ਜਾਂਚ ਕਰਨ ਦੀ ਕੋਈ ਸਹੂਲਤ ਉਨ੍ਹਾਂ ਦੇ ਹਸਪਤਾਲ 'ਚ ਨਹੀਂ ਹੈ। ਮਿਸ਼ਰਾ ਨੇ ਕਿਹਾ ਕਿ ਜੋ ਪਲੇਟਲੈਟਸ ਮਰੀਜ਼ ਨੂੰ ਨਹੀਂ ਚੜ੍ਹਾਏ ਗਏ, ਉਨ੍ਹਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਇਹ ਪਲੇਟਲੈਟਸ ਕਿੱਥੋਂ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਪਲੇਟਲੈਟਸ ਦੀ ਬੋਤਲ 'ਤੇ ਐੱਸ.ਆਰ.ਐੱਨ. ਦਾ ਸਟਿਕਰ ਲੱਗਾ ਹੋਇਆ ਹੈ। ਜ਼ਿਲ੍ਹਾ ਅਧਿਕਾਰੀ ਸੰਜੇ ਕੁਮਾਰ ਖੱਤਰੀ ਨੇ ਪਲੇਟਲੈਟਸ ਦੀ ਜਾਂਚ ਬਾਰੇ ਪੁੱਛੇ ਜਾਣ 'ਤੇ ਕਿਹਾ,''ਪਲੇਟਲੈਟਸ ਦੀ ਜਾਂਚ ਵੀ ਹੋ ਜਾਵੇਗੀ। ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਵਾਂਗੇ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News