4 ਜਹਾਜ਼ ਹਾਦਸਿਆਂ ਕਾਰਨ ਚਿੰਤਾ ''ਚ ਯਾਤਰੀ, ਹਰ ਹਫ਼ਤੇ 9 ਕਰੋੜ ਲੋਕ ਕਰਦੇ ਨੇ ਹਵਾਈ ਯਾਤਰਾ
Monday, Dec 30, 2024 - 03:59 PM (IST)
ਨੈਸ਼ਨਲ ਡੈਸਕ- ਇਕ ਹਫਤੇ ’ਚ ਦੁਨੀਆ ਵਿਚ ਹੋਏ 4 ਜਹਾਜ਼ ਹਾਦਸਿਆਂ ਨੇ ਹਵਾਈ ਸਫਰ ਕਰਨ ਵਾਲੇ ਕਰੋੜਾਂ ਯਾਤਰੀਆਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਦੁਨੀਆ ਭਰ ਵਿਚ ਕਰੋੜਾਂ ਲੋਕ ਹਰ ਹਫ਼ਤੇ ਹਵਾਈ ਯਾਤਰਾ ਕਰਦੇ ਹਨ। ਇਕ ਤੋਂ ਬਾਅਦ ਇਕ ਹੋ ਰਹੇ ਹਾਦਸਿਆਂ ਤੋਂ ਬਾਅਦ ਦੁਨੀਆ ਭਰ ਦੇ ਹਵਾਈ ਯਾਤਰੀ ਡਰ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਭਰ ਵਿਚ ਲੱਗਭਗ 9 ਕਰੋੜ ਲੋਕ ਹਰ ਹਫ਼ਤੇ ਹਵਾਈ ਯਾਤਰਾ ਕਰਦੇ ਹਨ।
25 ਦਸੰਬਰ- ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਕਜ਼ਾਕਿਸਤਾਨ 'ਚ ਹਾਦਸੇ ਦਾ ਸ਼ਿਕਾਰ ਹੋਣ ਕਾਰਨ 38 ਲੋਕਾਂ ਦੀ ਮੌਤ ਹੋ ਗਈ।
28 ਦਸੰਬਰ- ਏਅਰ ਕੈਨੇਡਾ ਦੀ ਫਲਾਈਟ ਏ. ਸੀ. 2259 ਹਾਦਸੇ ਦਾ ਸ਼ਿਕਾਰ ਹੋਈ। ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।
29 ਦਸੰਬਰ- ਦੱਖਣੀ ਕੋਰੀਆ ਦੇ ਮੁਆਨ ਏਅਰਪੋਰਟ ’ਤੇ ਜੇਜੂ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ ਚਾਲਕ ਦਲ ਦੇ 6 ਮੈਂਬਰਾਂ ਸਮੇਤ 181 ਲੋਕ ਸਵਾਰ ਸਨ। ਇਸ ਹਾਦਸੇ ਵਿਚ 179 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਟੀਮ ਨੇ 2 ਲੋਕਾਂ ਨੂੰ ਜ਼ਿੰਦਾ ਬਚਾ ਲਿਆ।
29 ਦਸੰਬਰ- ਨਾਰਵੇ ਤੋਂ ਨੀਦਰਲੈਂਡ ਜਾ ਰਿਹਾ ਕੇਐਲਐਮ ਰਾਇਲ ਡੱਚ ਏਅਰਲਾਈਨਜ਼ ਦਾ ਜਹਾਜ਼ ਐਮਰਜੈਂਸੀ ਲੈਂਡਿੰਗ ਦੌਰਾਨ ਫਿਸਲ ਗਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।
2024 ’ਚ 308 ਲੋਕਾਂ ਦੀ ਮੌਤ ਕਾਰਨ ਹਵਾਬਾਜ਼ੀ ਸੁਰੱਖਿਆ ’ਤੇ ਸਵਾਲ ਉੱਠੇ
ਦੁਨੀਆ ਭਰ ’ਚ ਇਕ ਹਫਤੇ ਅੰਦਰ ਹੀ ਹੋਏ 4 ਜਹਾਜ਼ ਹਾਦਸਿਆਂ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਦਸਿਆਂ ਦੇ ਕਾਰਨਾਂ ਨੂੰ ਦੇਖਦੇ ਹੋਏ ਏਅਰਲਾਈਨਜ਼ ਕੰਪਨੀਆਂ ਨੂੰ ਆਪਣੇ ਜਹਾਜ਼ਾਂ ਦੇ ਰੱਖ-ਰਖਾਅ ਅਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸੇ ਸਾਲ 2024 ਦੀ ਗੱਲ ਕਰੀਏ ਤਾਂ ਇਕ ਮੀਡੀਆ ਰਿਪੋਰਟ ਅਨੁਸਾਰ ਹਾਲ ਹੀ ਵਿਚ ਹੋਏ ਹਾਦਸਿਆਂ ਨੂੰ ਮਿਲਾ ਕੇ 308 ਲੋਕ ਜਹਾਜ਼ ਹਾਦਸਿਆਂ ’ਚ ਆਪਣੀ ਜਾਨ ਗੁਆ ਚੁੱਕੇ ਹਨ।