ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ Netflix, YouTube ਵਰਗੀਆਂ ਕੰਪਨੀਆਂ ਨਾਲ ਸਾਂਝੇਦਾਰੀ ਜ਼ਰੂਰੀ : ਸ਼ੇਖਾਵਤ
Thursday, Aug 06, 2026 - 10:27 AM (IST)
ਨਵੀਂ ਦਿੱਲੀ - ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸੈਰ-ਸਪਾਟਾ ਮੰਤਰਾਲੇ ਦੀ ਨੈੱਟਫਲਿਕਸ, ਗੂਗਲ, ਯੂਟਿਊਬ ਅਤੇ ਏਅਰ ਇੰਡੀਆ ਵਰਗੀਆਂ ਨਿੱਜੀ ਸੰਸਥਾਵਾਂ ਨਾਲ ਸਾਂਝੇਦਾਰੀ ਭਾਰਤ ਦੇ ਸੈਰ-ਸਪਾਟਾ ਸਥਾਨਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਸਕਦੀ ਹੈ। ਬੁੱਧਵਾਰ ਨੂੰ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐੱਨ.ਜੀ.ਐੱਮ.ਏ.) ਵਿਖੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ, ਸ਼ੇਖਾਵਤ ਨੇ ਕਿਹਾ ਕਿ ਭਾਰਤ ਕੋਲ ਦੁਨੀਆ ਨੂੰ ਪੇਸ਼ ਕਰਨ ਲਈ ਬਹੁਤ ਕੁਝ ਹੈ। ਇਸ ਸਮਾਗਮ ਨੇ ਭਾਰਤ 'ਚ Netflix ਦੀ 10ਵੀਂ ਵਰ੍ਹੇਗੰਢ ਵੀ ਮਨਾਈ। ਉਨ੍ਹਾਂ ਦੱਸਿਆ ਕਿ ਨੈੱਟਫਲਿਕਸ ਨੇ ਆਪਣੀਆਂ ਵੱਖ-ਵੱਖ ਫਿਲਮਾਂ ਅਤੇ ਵੈੱਬ ਸੀਰੀਜ਼ ਦੀ ਸ਼ੂਟਿੰਗ ਲਈ ਭਾਰਤ 'ਚ 100 ਤੋਂ ਵੱਧ ਥਾਵਾਂ ਦੀ ਵਰਤੋਂ ਕੀਤੀ ਹੈ।
ਪਿਛਲੇ ਸਾਲ, ਵਿਸ਼ਵ ਸੈਰ-ਸਪਾਟਾ ਦਿਵਸ 'ਤੇ, ਸੈਰ-ਸਪਾਟਾ ਮੰਤਰਾਲੇ ਨੇ ਨੈੱਟਫਲਿਕਸ ਐਂਟਰਟੇਨਮੈਂਟ ਸਰਵਿਸਿਜ਼ ਇੰਡੀਆ ਨਾਲ ਇਕ ਗੈਰ-ਵਪਾਰਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਸਨ। ਇਸ ਦਾ ਉਦੇਸ਼ ਸਿਨੇਮੈਟਿਕ ਕਹਾਣੀ ਸੁਣਾਉਣ ਦੀ ਕਲਾ ਰਾਹੀਂ ਭਾਰਤ ਦੇ ਸੈਰ-ਸਪਾਟਾ ਸਥਾਨਾਂ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕਰਨਾ ਹੈ। ਭਾਰਤ ਦੇ ਦੌਰੇ 'ਤੇ ਆਏ ਨੈੱਟਫਲਿਕਸ ਦੇ ਸਹਿ-ਸੀਈਓ ਟੇਡ ਸਾਰਾਂਡੋਸ ਨੇ ਵੀ ਇਸ ਸਮਾਗਮ 'ਚ ਹਿੱਸਾ ਲਿਆ। ਉਨ੍ਹਾਂ ਕੇਂਦਰੀ ਮੰਤਰੀ ਨਾਲ ਭਾਰਤ ਦੀ ਸੱਭਿਆਚਾਰਕ ਵਿਰਾਸਤ, ਸੈਰ-ਸਪਾਟਾ ਅਤੇ ਸਿਰਜਣਾਤਮਕ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ 'ਚ ਕਹਾਣੀ ਸੁਣਾਉਣ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਸ਼ੇਖਾਵਤ, ਜਿਨ੍ਹਾਂ ਕੋਲ ਸੱਭਿਆਚਾਰ ਅਤੇ ਸੈਰ-ਸਪਾਟਾ ਦੋਵੇਂ ਮੰਤਰਾਲਾ ਹਨ, ਨੇ ਕਿਹਾ ਕਿ ਫਿਲਮਾਂ, ਸੀਰੀਅਲ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮ ਭਾਰਤ ਦੀਆਂ ਕਹਾਣੀਆਂ ਨੂੰ ਦੁਨੀਆ ਤੱਕ ਪਹੁੰਚਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ, "ਮੇਰਾ ਮੰਨਣਾ ਹੈ ਕਿ ਅਜਿਹੀਆਂ ਭਾਈਵਾਲੀ ਅਚੰਭੇ ਕਰ ਸਕਦੀਆਂ ਹਨ।" ਮੰਤਰੀ ਨੇ ਕਿਹਾ ਕਿ ਅਜਿਹੀਆਂ ਭਾਈਵਾਲੀ ਨਾ ਸਿਰਫ਼ ਭਾਰਤ ਨੂੰ ਦੁਨੀਆ ਦੇ ਸਾਹਮਣੇ ਬਿਹਤਰ ਢੰਗ ਨਾਲ ਪੇਸ਼ ਕਰਨਗੀਆਂ ਸਗੋਂ ਭਾਰਤੀਆਂ ਨੂੰ ਦੇਸ਼ ਦੇ ਵਿਭਿੰਨ ਖੇਤਰਾਂ ਦੀ ਯਾਤਰਾ ਕਰਨ ਲਈ ਵੀ ਪ੍ਰੇਰਿਤ ਕਰਨਗੀਆਂ।
ਇਸ ਮੌਕੇ 'ਤੇ, 'ਇਨਕ੍ਰੇਡੀਬਲ ਇੰਡੀਆ' ਪੋਰਟਲ 'ਤੇ 'ਐਜ਼ ਸੀਨ ਆਨ ਨੈੱਟਫਲਿਕਸ' ਸਿਰਲੇਖ ਵਾਲਾ ਇਕ ਨਵਾਂ ਭਾਗ ਵੀ ਲਾਂਚ ਕੀਤਾ ਗਿਆ, ਜੋ ਦੋਵਾਂ ਧਿਰਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ। ਮੰਤਰਾਲੇ ਦੇ ਅਨੁਸਾਰ, ਇਸ ਪਹਿਲ ਦਾ ਉਦੇਸ਼ ਦੁਨੀਆ ਭਰ ਦੇ ਦਰਸ਼ਕਾਂ ਨੂੰ ਅਸਲ-ਜੀਵਨ ਦੇ ਸੈਰ-ਸਪਾਟਾ ਸਥਾਨਾਂ, ਸੱਭਿਆਚਾਰਕ ਪਰੰਪਰਾਵਾਂ ਅਤੇ ਨੈੱਟਫਲਿਕਸ ਇੰਡੀਆ ਦੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਪ੍ਰਦਰਸ਼ਿਤ ਪ੍ਰਮਾਣਿਕ ਅਨੁਭਵਾਂ ਨਾਲ ਜਾਣੂ ਕਰਵਾਉਣਾ ਹੈ। ਇਸ ਦੌਰਨ ਸ਼ੇਖਾਵਤ ਨੇ ਕਿਹਾ, "ਅਸੀਂ Netflix, IndiGo, Air India, YouTube, ਅਤੇ Google ਵਰਗੇ ਤਕਨਾਲੋਜੀ ਪਲੇਟਫਾਰਮਾਂ ਨਾਲ ਜੋ ਵੀ ਸਮਝੌਤੇ ਕੀਤੇ ਹਨ ਉਹ ਗੈਰ-ਵਪਾਰਕ ਹਨ। ਅਸੀਂ ਇਸ ਲਈ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੰਦੇ।'' ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁਤ ਵੱਡਾ ਬਾਜ਼ਾਰ ਹੈ। ਇਸ ਲਈ, ਇਨ੍ਹਾਂ ਕੰਪਨੀਆਂ ਨੂੰ ਇੱਥੇ ਬਹੁਤ ਸਾਰੇ ਫਾਇਦੇ ਮਿਲਦੇ ਹਨ।
