ਜੱਜ ਦੇ ਸਾਹਮਣੇ ਭੁੱਬਾਂ ਮਾਰ ਰੋਏ ਪਾਰਥ ਚੈਟਰਜੀ, ਕਿਹਾ- ‘ਪਲੀਜ਼ ਮੈਨੂੰ ਜ਼ਮਾਨਤ ਦੇ ਦਿਓ, ਸ਼ਾਂਤੀ ਨਾਲ ਜਿਉਣ ਦਿਓ’
Thursday, Sep 15, 2022 - 10:40 AM (IST)

ਕੋਲਕਾਤਾ- ਪੱਛਮੀ ਬੰਗਾਲ ਅਧਿਆਪਕ ਭਰਤੀ ਘਪਲੇ ਵਿਚ 14 ਦਿਨਾਂ ਦੀ ਨਿਆਇਕ ਹਿਰਾਸਤ ਤੋਂ ਬਾਅਦ ਬੁੱਧਵਾਰ ਨੂੰ ਸਾਬਕਾ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੇ ਸਹਿਯੋਗੀ ਅਰਪਿਤਾ ਮੁਖਰਜੀ ਦੀ ਵਰਚੁਅਲ ਪੇਸ਼ੀ ਹੋਈ। ਪੇਸ਼ੀ ਦੌਰਾਨ ਪਾਰਥ ਚੈਟਰਜੀ ਜ਼ਮਾਨਤ ਲਈ ਜੱਜ ਵਿਦਯੁਤ ਕੁਮਾਰ ਰਾਏ ਦੇ ਸਾਹਮਣੇ ਭੁੱਬਾਂ ਕੇ ਰੋਣ ਲੱਗ ਪਏ । ਪਾਰਥ ਚੈਟਰਜੀ ਨੇ ਜੱਜ ਨੂੰ ਕਿਹਾ ਕਿ ਪਲੀਜ਼ ਮੈਨੂੰ ਜ਼ਮਾਨਤ ਦੇ ਦਿਓ, ਮੈਨੂੰ ਜਿਉਣ ਦਿਓ। ਪਾਰਥ ਨੂੰ ਰੋਂਦੇ ਦੇਖ ਜੱਜ ਨੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਲਈ ਕਿਹਾ। ਇਸ ’ਤੇ ਪਾਰਥ ਨੇ ਕਿਹਾ ਕਿ ਮੈਂ ਜਨਤਕ ਤੌਰ ’ਤੇ ਆਪਣੇ ਅਕਸ ਨੂੰ ਲੈ ਕੇ ਬਹੁਤ ਚਿੰਤਤ ਹਾਂ। ਮੈਂ ਅਰਥ ਸ਼ਾਸਤਰ ਦਾ ਵਿਦਿਆਰਥੀ ਸੀ। ਮੈਂ ਰਾਜਨੀਤੀ ਦਾ ਸ਼ਿਕਾਰ ਹੋਇਆ ਹਾਂ। ਓਧਰ ਅਰਪਿਤਾ ਵੀ ਖੁਦ ਨੂੰ ਪਾਕ ਸਾਫ਼ ਦੱਸਦੇ ਹੋਏ ਖੂਬ ਰੋਈ। ਸੁਣਵਾਈ ਦੌਰਾਨ ਕੋਰਟ ਨੇ ਦੋਹਾਂ ਦੀ ਕਸਟਡੀ 28 ਸਤੰਬਰ ਤੱਕ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਪਾਰਥ ਚੈਟਰਜੀ ਨੂੰ ਯਾਦ ਆਏ ਭਗਵਾਨ, ਪੜ੍ਹ ਰਹੇ ਹਨ ‘ਪੈਸਾ ਮਿੱਟੀ ਹੈ, ਮਿੱਟੀ ਪੈਸਾ ਹੈ’
ਮੇਰੇ ਘਰ ਅਤੇ ਵਿਧਾਨ ਸਭਾ ਇਲਾਕੇ ’ਚ ਜਾ ਕੇ ਪੁੱਛੇ ਈ. ਡੀ.
ਪਾਰਥ ਨੇ ਕਿਹਾ ਕਿ ਇਨਫੋਰਸਮੈਟ ਡਾਇਰੈਕਟੋਰੇਟ (ਈ. ਡੀ.) ਨੂੰ ਕਿਰਪਾ ਕਰ ਕੇ ਇਕ ਵਾਰ ਮੇਰੇ ਘਰ ਅਤੇ ਮੇਰੇ ਵਿਧਾਨ ਸਭਾ ਹਲਕੇ ਦਾ ਦੌਰਾ ਕਰਨ ਲਈ ਕਹੋ। ਮੈਂ ਐੱਲ.ਐੱਲ.ਬੀ. ਦੀ ਪੜ੍ਹਾਈ ਕੀਤੀ ਹੈ ਅਤੇ ਮੈਨੂੰ ਬ੍ਰਿਟਿਸ਼ ਸਕਾਲਰਸ਼ਿਪ ਦਿੱਤੀ ਗਈ ਸੀ। ਮੇਰੀ ਧੀ ਯੂ. ਕੇ. ਰਹਿੰਦੀ ਹੈ । ਮੈਂ ਆਪਣੇ ਆਪ ਨੂੰ ਅਜਿਹੇ ਘਪਲੇ ਵਿਚ ਕਿਵੇਂ ਸ਼ਾਮਲ ਕਰ ਸਕਦਾ ਹਾਂ? ਮੈਨੂੰ ਇਨਸਾਫ਼ ਤੋਂ ਪਹਿਲਾਂ ਡਾਕਟਰੀ ਇਲਾਜ ਦਿੱਤਾ ਜਾਣਾ ਚਾਹੀਦਾ ਹੈ। ਈ. ਡੀ. ਦੇ ਅਧਿਕਾਰੀ ਲੰਬੇ ਸਮੇਂ ਤੱਕ ਮੇਰੀ ਰਿਹਾਇਸ਼ ’ਤੇ ਸਨ। ਜਾਂਚਕਰਤਾਵਾਂ ਨੇ 30 ਘੰਟਿਆਂ ਤੱਕ ਉਸ ਦੇ ਘਰ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ। ਮੈਂ ਲੰਬੇ ਸਮੇਂ ਤੱਕ ਮੰਤਰੀ ਸੀ ਅਤੇ ਇਸ ਤੋਂ ਪਹਿਲਾਂ ਸੂਬਾ ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਆਗੂ ਸੀ। ਮੇਰਾ ਕਰੀਅਰ ਬੇਦਾਗ ਰਿਹਾ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ
ਅਰਪਿਤਾ ਦੀ ਦਲੀਲ ਜੱਜ ਨੇ ਨਹੀਂ ਮੰਨੀ
ਅਰਪਿਤਾ ਨੇ ਜ਼ਮਾਨਤ ਮੰਗਦੇ ਹੋਏ ਕੋਰਟ ਨੂੰ ਕਿਹਾ, ‘‘ਪਰ ਮੈਨੂੰ ਬਰਾਮਦ ਪੈਸੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਇਕ ਮੱਧ ਵਰਗ ਪਰਿਵਾਰ ਤੋਂ ਹਾਂ। ਮੇਰੇ ਪਿਤਾ ਹੁਣ ਇਸ ਦੁਨੀਆ ’ਚ ਨਹੀਂ ਹਨ। ਮੇਰੀ 82 ਸਾਲ ਦੀ ਮਾਂ ਦੀ ਸਿਹਤ ਠੀਕ ਨਹੀਂ ਹੈ। ਈ. ਡੀ. ਮੇਰੇ ਘਰ ’ਤੇ ਛਾਪੇਮਾਰੀ ਕਿਵੇਂ ਕਰ ਸਕਦੀ ਹੈ? ਜੱਜ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਜ਼ਰੂਰਤ ਹੁੰਦੀ ਹੈ ਤਾਂ ਈ. ਡੀ. ਕਿਸੇ ਵੀ ਘਰ ਛਾਪਾ ਮਾਰ ਸਕਦੀ ਹੈ, ਈ. ਡੀ. ਨੂੰ ਇਹ ਪਾਵਰ ਹੈ। ਜੱਜ ਨੇ ਫਿਰ ਸਵਾਲ ਕੀਤਾ ਕਿ ਕੀ ਤੁਸੀਂ ਘਰ ਦੇ ਮਾਲਕ ਹੋ। ਅਰਪਿਤਾ ਨੇ ਕਿਹਾ ਹਾਂ। ਸਵਾਲਾਂ ਦੇ ਜਵਾਬ ਮਿਲਣ ਮਗਰੋਂ ਜੱਜ ਨੇ ਕਿਹਾ ਕਿ ਫਿਰ ਕਾਨੂੰਨ ਮੁਤਾਬਕ ਤੁਸੀਂ ਜਵਾਬਦੇਹ ਹੋ।
ਇਹ ਵੀ ਪੜ੍ਹੋ- ਅਧਿਆਪਕ ਭਰਤੀ ਘਪਲਾ: ED ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਕੀਤਾ ਗ੍ਰਿਫ਼ਤਾਰ
ਈ. ਡੀ. ਨੇ ਅਰਪਿਤਾ ਦੇ ਘਰੋਂ ਬਰਾਮਦ ਕੀਤੇ ਕਰੋੜਾਂ ਰੁਪਏ
ਜ਼ਿਕਰਯੋਗ ਹੈ ਕਿ ਅਧਿਆਪਕ ਭਰਤੀ ਘਪਲੇ ਦੇ ਸਿਲਸਿਲੇ ’ਚ ਪਾਰਥ ਚੈਟਰਜੀ ਅਤੇ ਅਰਪਿਤਾ ਮੁਖਰਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਰਥ ਚੈਟਰਜੀ ਦੀ ਕਰੀਬੀ ਅਰਪਿਤਾ ਦੇ ਟਿਕਾਣਿਆਂ ਤੋਂ ਨੋਟਾਂ ਦਾ ਪਹਾੜ ਬਰਾਮਦ ਹੋਇਆ ਸੀ। ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਕਈ ਸ਼ੇਲ ਕੰਪਨੀਆਂ ਦਾ ਪਤਾ ਲੱਗ ਚੁੱਕਾ ਹੈ। ਕਈ ਕਰੋੜ ਦੇ ਘਪਲੇ ਦਾ ਦੋਸ਼ ਦੋਹਾਂ ’ਤੇ ਲੱਗਾ ਹੈ। ਦੋਹਾਂ ਦੀ ਨਿਆਇਕ ਹਿਰਾਸਤ ਵਧਾਉਣ ਲਈ ਈ. ਡੀ. ਨੇ ਉਨ੍ਹਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ।