ਸੰਸਦ ਦਾ ਸਰਦ ਰੁੱਤ ਸੈਸ਼ਨ ਹੰਗਾਮੇਦਾਰ ਰਹਿਣ ਦੇ ਆਸਾਰ, ਅੱਜ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ
Monday, Nov 29, 2021 - 10:27 AM (IST)
ਨਵੀਂ ਦਿੱਲੀ— ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਤੋਂ ਸ਼ੁਰੂ ਹੋਣ ਵਾਲਾ ਸਰਦ ਰੁੱਤ ਸੈਸ਼ਨ 23 ਦਸੰਬਰ ਤੱਕ ਚਲੇਗਾ ਅਤੇ ਇਸ ਦੌਰਾਨ 20 ਬੈਠਕਾਂ ਹੋਣਗੀਆਂ। ਇਸ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਲੱਗਭਗ 30 ਬਿੱਲਾਂ ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਨੂੰ ਪਹਿਲੇ ਦਿਨ ਲੋਕ ਸਭਾ ’ਚ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ। ਇਸ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਪੇਸ਼ ਕਰਨਗੇ। ਸੱਤਾ ਵਿਚ ਮੌਜੂਦ ਭਾਜਪਾ ਅਤੇ ਵਿਰੋਧੀ ਪਾਰਟੀਆਂ ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਦੇ ਹਾਜ਼ਰ ਹੋਣ ਲਈ ਵਿ੍ਹਪਾ ਜਾਰੀ ਕੀਤਾ ਹੈ। ਖੇਤੀ ਕਾਨੂੰਨ ਵਾਪਸੀ ਸਬੰਧੀ ਬਿੱਲ, ਜਿਸ ’ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਸਰਦ ਰੁੱਤ ਸੈਸ਼ਨ ਵੀ ਵਿਰੋਧ ਧਿਰ ਦੇ ਅੜੀਅਲ ਰਵੱਈਏ ਦੇ ਚੱਲਦੇ ਹੰਗਾਮੇਦਾਰ ਰਹਿਣ ਦੇ ਆਸਾਰ ਹਨ।
ਇਨ੍ਹਾਂ ਮੁੱੱਦਿਆਂ ’ਤੇ ਵਿਰੋਧੀ ਧਿਰ ਅਤੇ ਸਰਕਾਰ ਵਿਚਾਲੇ ਤਕਰਾਰ ਹਨ-
ਵਿਰੋਧੀ ਧਿਰ ਚਾਹੁੰਦਾ ਹੈ ਕਿ ਐੱਮ. ਐੱਸ. ਪੀ. ਨੂੰ ਕਾਨੂੰਨੀ ਅਧਿਕਾਰ ਮਿਲੇ, ਜਦਕਿ ਸਰਕਾਰ ਵਲੋਂ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਜਿਸ ’ਤੇ ਤਕਰਾਰ ਬਰਕਰਾਰ ਹੈ।
ਬਿਜਲੀ ਬਿੱਲ ਦਾ ਡਰਾਫਟ ਵਾਪਸ ਹੋਵੇ ਇਹ ਵਿਰੋਧੀ ਧਿਰ ਅਤੇ ਕਿਸਾਨਾਂ ਦੀ ਮੰਗ ਹੈ। ਸਰਕਾਰ ਵਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਪਰਾਲੀ ਸਾੜਨ ਯਾਨੀ ਕਿ ਪ੍ਰਦੂਸ਼ਣ ’ਤੇ ਕਿਸਾਨਾਂ ਨੂੰ ਸਜ਼ਾ ਨਾ ਮਿਲੇ, ਇਹ ਮੰਗ ਕੀਤੀ ਗਈ ਸੀ। ਇਸ ’ਤੇ ਸਰਕਾਰ ਨੇ ਸਹਿਮਤੀ ਦੇ ਦਿੱਤੀ ਹੈ। ਹਾਲਾਂਕਿ ਇਸ ਦੇ ਬਾਵਜੂਦ ਇਸ ਮੁੱੱਦੇ ਨੂੰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੋ ਸਕਦੀ ਹੈ।
ਕਿਸਾਨ ਅੰਦੋਲਨ ਦੌਰਾਨ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਪਹਿਲਾਂ ਹੀ ਇਹ ਸਾਫ ਕਰ ਚੁੱਕੀ ਹੈ ਕਿ ਇਹ ਮਸਲਾ ਸੂਬਾ ਸਰਕਾਰਾਂ ਕੋਲ ਹੈ।
ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ’ਤੇ ਸਰਕਾਰ ਵਲੋਂ ਕੁਝ ਨਹੀਂ ਕਿਹਾ ਗਿਆ।
ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਸਰਕਾਰ ਵਲੋਂ ਇਸ ’ਤੇ ਵੀ ਕੋਈ ਭਰੋਸਾ ਨਹੀਂ ਦਿੱਤਾ ਗਿਆ ਹੈ।