ਇਕ ਵਾਰ ਫਿਰ ਸੰਸਦ ਦੀ ਸੁਰੱਖਿਆ ''ਚ ਹੋਈ ਕੋਤਾਹੀ, ਕੰਧ ਟੱਪ ਕੇ ਲੋਕ ਸਭਾ ਕੰਪਲੈਕਸ ''ਚ ਜਾ ਵੜਿਆ ਨੌਜਵਾਨ

Friday, Aug 16, 2024 - 08:44 PM (IST)

ਨਵੀਂ ਦਿੱਲੀ- ਅਤਿ ਸੁਰੱਖਿਅਤ ਮੰਨੇ ਜਾਣ ਵਾਲੇ ਸੰਸਦ ਭਵਨ ਦੀ ਸੁਰੱਖਿਆ ਇਕ ਵਾਰ ਫਿਰ ਕੋਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸ਼ੁੱਕਰਵਾਰ ਨੂੰ ਇਕ ਨੌਜਵਾਨ ਕੰਧ ਟੱਪ ਕੇ ਸੰਸਦ ਭਵਨ 'ਚ ਵੜ ਗਿਆ। ਸੂਤਰਾਂ ਮੁਤਾਬਕ, ਇਹ ਨੌਜਵਾਨ ਰੈੱਡ ਕਰਾਸ ਰੋਡ ਵੱਲੋਂ ਕੰਧ ਟੱਪ ਕੇ ਲੋਕ ਸਭਾ ਵੱਲ ਕੰਲੈਕਸ 'ਚ ਵੜ ਗਿਆ ਸੀ। ਕੁਝ ਕਰਮਚਾਰੀਆਂ ਨੇ ਉਸ ਨੂੰ ਕੰਧ ਟਪਦੇ ਦੇਖ ਲਿਆ ਸੀ। ਬਾਅਦ 'ਚ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਇਸ ਸਾਲ ਦੀ ਸ਼ੁਰੂਆਤ 'ਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦੁਆਰਾ ਸੰਸਦ ਕੰਪਲੈਕਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਦੇ ਕਰੀਬ 6 ਮਹੀਨਿਆਂ ਦੇ ਅੰਦਰ ਹੀ ਸੁਰੱਖਿਆ 'ਚ ਕੋਤਾਹੀ ਦਾ ਇਹ ਵੱਡਾ ਮਾਮਲਾ ਸਾਹਮਣੇ ਆਇਆ ਹੈ।

ਨੌਜਵਾਨ ਨੂੰ ਕੰਧ ਕੋਲ ਘੁੰਮਦੇ ਦੇਖਿਆ ਗਿਆ ਸੀ

ਇਸ ਤੋਂ ਪਹਿਲਾਂ ਸੰਸਦ ਭਵਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਸ ਕੋਲ ਸੀ। ਸੂਤਰਾਂ ਨੇ ਦੱਸਿਆ ਕਿ ਕੰਪਲੈਕਸ 'ਚ ਦਾਖਲ ਹੋਣ ਤੋਂ ਪਹਿਲਾਂ ਇਸ ਨੌਜਵਾਨ ਨੂੰ ਕੰਧ ਦੇ ਕੋਲ ਘੁੰਮਦੇ ਦੇਖਿਆ ਗਿਆ ਸੀ। ਖਬਰ ਲਿਖੇ ਜਾਣ ਤਕ ਸੰਸਦ ਭਵਨ ਦੇ ਸੁਰੱਖਿਆ ਕਰਮਚਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਸਨ। ਬਾਅਦ 'ਚ ਉਸ ਨੂੰ ਦਿੱਲੀ ਪੁਲਸ ਨੂੰ ਸੌਂਪ ਦਿੱਤਾ ਜਾਵੇਗਾ। ਅਜੇ ਇਹ ਨਹੀਂ ਪਤਾ ਲੱਗਾ ਕਿ ਉਹ ਕਿਸ ਉਦੇਸ਼ ਨਾਲ ਸੰਸਦ ਭਵਨ ਕੰਪਲੈਕਸ 'ਚ ਦਾਖਲ ਹੋਇਆ ਸੀ।

ਦਸੰਬਰ 2023 'ਚ ਸੰਸਦ 'ਤੇ 2001 ਦੇ ਹਮਲੇ ਦੀ ਵਰ੍ਹੇਗੰਢ ਦੇ ਦਿਨ ਦੋ ਵਿਅਕਤੀ ਲੋਕ ਸਭਾ ਦੀ ਕਾਰਵਾਈ ਦੇਖਣ ਦੇ ਨਾਂ 'ਤੇ ਦਰਸ਼ਕ ਗੈਲਰੀ 'ਚ ਪਹੁੰਚ ਗਏ ਸਨ। ਬਾਅਦ 'ਚ ਉਨ੍ਹਾਂ ਨੇ ਸੁਰੱਖਿਆ ਵਿਵਸਥਾ ਨੂੰ ਚਕਮਾ ਦੇ ਕੇ ਸਦਨ 'ਚ ਛਾਲ ਮਾਰ ਦਿੱਤੀ ਅਤੇ ਉਥੇ ਗੈਸ ਛੱਡੀ। ਉਸ ਸਮੇਂ ਲੋਕ ਸਭਾ ਦੀ ਕਾਰਵਾਈ ਚੱਲ ਰਹੀ ਸੀ। ਉਸੇ ਸਮੇਂ ਸੰਸਦ ਭਵਨ ਕੰਪਲੈਕਸ ਦੇ ਬਾਹਰ ਵੀ ਇਨ੍ਹਾਂ ਦੇ ਦੋ ਸਾਥੀਆਂ ਨੇ ਗੈਸ ਛੱਡੀ। ਇਸ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਮੁਕਦਮਾ ਚਲਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੰਸਦ ਭਵਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਸ ਤੋਂ ਲੈ ਕੇ ਸੀ.ਆਈ.ਐੱਸ.ਐੱਫ. ਨੂੰ ਸੌਂਪ ਦਿੱਤੀ ਗਈ ਸੀ। ਇਸ ਘਟਨਾ ਨਾਲ ਸੰਸਦ ਭਵਨ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। 


Rakesh

Content Editor

Related News