ਸੰਸਦ ''ਚ ਤਾਲਾਬੰਦੀ ਸਮੇਂ ਕਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਜਾਨ ਗਈ ਸਵਾਲ ''ਤੇ ਸਰਕਾਰ ਨੇ ਕਿਹਾ- ਪਤਾ ਨਹੀਂ

09/14/2020 2:15:19 PM

ਨਵੀਂ ਦਿੱਲੀ- ਸੰਸਦ ਦਾ ਮਾਨਸੂਨ ਸੈਸ਼ਨ ਅੱਜ ਯਾਨੀ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਵਲੋਂ ਇਸ ਵਾਰ ਲਿਖਤੀ ਤਰੀਕੇ ਨਾਲ ਸਵਾਲ ਪੁੱਛੇ ਜਾ ਰਹੇ ਹਨ। ਕੋਰੋਨਾ ਸੰਕਟ ਕਾਲ ਅਤੇ ਤਾਲਾਬੰਦੀ ਦਰਮਿਆਨ ਪ੍ਰਵਾਸੀ ਮਜ਼ਦੂਰਾਂ 'ਤੇ ਕਾਫ਼ੀ ਆਫ਼ਤ ਆਈ ਸੀ, ਸਰਕਾਰ ਤੋਂ ਇਸੇ ਮਾਮਲੇ 'ਤੇ ਸਵਾਲ ਪੁੱਛਿਆ ਗਿਆ। ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾ ਨੇ ਇਸ ਦਰਮਿਆਨ ਹੋਈ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਦੇ ਅੰਕੜਿਆਂ ਦੀ ਜਾਣਕਾਰੀ ਮੰਗੀ, ਜਿਸ 'ਤੇ ਸਰਕਾਰ ਨੇ ਕਿਹਾ ਕਿ ਉਨਾਂ ਕੋਲ ਅਜਿਹਾ ਡਾਟਾ ਨਹੀਂ ਹੈ। ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ 'ਤੇ ਸਵਾਲ ਸਨ ਕਿ ਕੀ ਸਰਕਾਰ ਪ੍ਰਵਾਸੀ ਮਜ਼ਦੂਰਾਂ ਦੇ ਅੰਕੜਿਆਂ ਨੂੰ ਪਛਾਣਨ 'ਚ ਗਲਤੀ ਕਰ ਗਈ, ਕੀ ਸਰਕਾਰ ਕੋਲ ਅਜਿਹਾ ਅੰਕੜਾ ਹੈ ਕਿ ਤਾਲਾਬੰਦੀ ਦੌਰਾਨ ਕਿੰਨੇ ਮਜ਼ਦੂਰਾਂ ਦੀ ਮੌਤ ਹੋਈ, ਕਿਉਂਕਿ ਹਜ਼ਾਰਾਂ ਮਜ਼ਦੂਰਾਂ ਦੇ ਮਰਨ ਦੀ ਗੱਲ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਸਵਾਲ ਪੁੱਛਿਆ ਗਿਆ ਕਿ ਕੀ ਸਰਕਾਰ ਨੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ 'ਚ ਰਾਸ਼ਨ ਦਿੱਤਾ ਹੈ, ਜੇਕਰ ਹਾਂ ਤਾਂ ਉਸ ਦੀ ਜਾਣਕਾਰੀ ਦਿਓ। ਇਸ ਤੋਂ ਇਲਾਵਾ ਲਿਖਤੀ ਸਵਾਲ 'ਚ ਕੋਰੋਨਾ ਆਫ਼ਤ ਦੌਰਾਨ ਸਰਕਾਰ ਵਲੋਂ ਚੁੱਕੇ ਗਏ ਹੋਰ ਕਦਮਾਂ ਦੀ ਜਾਣਕਾਰੀ ਮੰਗੀ ਗਈ।

ਕੇਂਦਰ ਸਰਕਾਰ ਵਲੋਂ ਮੰਤਰੀ ਸੰਤੋਸ਼ ਕੁਮਾਰ ਗੰਗਵਾਲ ਨੇ ਲਿਖਤੀ ਜਵਾਬ ਦਿੱਤਾ, ਜਿਸ 'ਚ ਕਿਹਾ ਗਿਆ ਕਿ ਭਾਰਤ ਨੇ ਇਕ ਦੇਸ਼ ਦੇ ਰੂਪ 'ਚ ਕੇਂਦਰ-ਸੂਬਾ ਸਰਕਾਰ, ਲੋਕਲ ਬਾਡੀ ਨੇ ਕੋਰੋਨਾ ਵਿਰੁੱਧ ਲੜਾਈ ਲੜੀ ਹੈ। ਮੌਤ ਦੇ ਅੰਕੜਿਆਂ ਨੂੰ ਲੈ ਕੇ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਡਾਟਾ ਨਹੀਂ ਹੈ। ਉੱਥੇ ਹੀ ਰਾਸ਼ਨ ਬਾਰੇ ਮੰਤਰਾਲੇ ਵਲੋਂ ਰਾਜਵਾਰ ਅੰਕੜਾ ਉਪਲੱਬਧ ਨਾ ਹੋਣ ਦੀ ਗੱਲ ਕਹੀ ਹੈ ਪਰ 80 ਕਰੋੜ ਲੋਕਾਂ ਨੂੰ 5 ਕਿਲੋ ਵਾਧੂ ਚਾਵਲ ਜਾਂ ਕਣਕ, ਇਕ ਕਿਲੋ ਦਾਲ ਨਵੰਬਰ 2020 ਤੱਕ ਦੇਣ ਦੀ ਗੱਲ ਕਹੀ ਗਈ ਹੈ। ਇਸ ਤੋਂ ਵੱਖ ਸਰਕਾਰ ਵਲੋਂ ਤਾਲਾਬੰਦੀ ਦੇ ਸਮੇਂ ਗਰੀਬ ਕਲਿਆਣ ਯੋਜਨਾ, ਆਤਮਨਿਰਭਰ ਭਾਰਤ ਪੈਕੇਜ, ਈ.ਪੀ.ਐੱਫ. ਸਕੀਮ ਵਰਗੇ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ। 

ਦੱਸਣਯੋਗ ਹੈ ਕਿ ਤਾਲਾਬੰਦੀ ਲੱਗਣ ਦੇ ਤੁਰੰਤ ਬਾਅਦ ਲੱਖਾਂ ਦੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਆ ਗਏ ਸਨ ਅਤੇ ਪੈਦਲ ਹੀ ਘਰ ਜਾਣ ਲੱਗੇ ਸਨ। ਇਸ ਦੌਰਾਨ ਕਈ ਮਜ਼ਦੂਰਾਂ ਦੀ ਹਾਦਸੇ, ਭੁੱਖ-ਪਿਆਸ ਅਤੇ ਸਿਹਤ ਖਰਾਬ ਹੋਣ ਕਾਰਨ ਮਰਨ ਦੀ ਖਬਰ ਵੀ ਆਈ ਸੀ, ਜਿਸ 'ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਸੀ।


DIsha

Content Editor

Related News